ਮੁੰਬਈ:ਫਿਲਮਸਾਜ਼ ਵਿਕਰਮ ਭੱਟ ਦੀ ਧੀ ਕ੍ਰਿਸ਼ਨਾ ਭੱਟ ਆਪਣੇ ਪ੍ਰੇਮੀ ਵੇਦਾਂਤ ਸ਼ਾਰਦਾ ਨਾਲ ਬੀਤੀ ਰਾਤ ਮੁੰਬਈ ਵਿੱਚ ਵਿਆਹ ਦੇ ਬੰਧਨ ਵਿੱਚ ਬੱਝ ਗਈ। ਜੋੜੇ ਨੇ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਦੀ ਹਾਜ਼ਰੀ ਵਿੱਚ ਵਿਆਹ ਦੀਆਂ ਰਸਮਾਂ ਨਿਭਾਈਆਂ। ਵਿਆਹ ਸਮਾਗਮ ਮਹਿੰਦੀ ਅਤੇ ਸੰਗੀਤ ਦੀ ਰਸਮ ਨਾਲ ਸ਼ੁਰੂ ਹੋਏ। ਇਸ ਖ਼ਾਸ ਦਿਨ ਮੌਕੇ ਵੇਦਾਂਤ ਨੇ ਚਿੱਟੇ ਤੇ ਸੁਨਹਿਰੇ ਰੰਗ ਦੀ ਸ਼ੇਰਵਾਨੀ ਪਹਿਨੀ ਹੋਈ ਸੀ। ਇਸੇ ਤਰ੍ਹਾਂ ਕ੍ਰਿਸ਼ਨਾ ਲਾਲ ਰੰਗ ਦੇ ਲਹਿੰਗੇ ਨਾਲ ਸੋਨੇ ਦੇ ਹਾਰ, ਝੁਮਕਿਆਂ, ਮਾਂਗ ਟਿੱਕਾ ਅਤੇ ਚੂੜੀਆਂ ਪਹਿਨੀ ਖੂਬਸੂਰਤ ਦਿਖਾਈ ਦੇ ਰਹੀ ਸੀ। ਬੌਲੀਵੁੱਡ ਦੀਆਂ ਕਈ ਨਾਮਵਰ ਹਸਤੀਆਂ ਜਿਵੇਂ ਅਦਾਕਾਰ ਆਮਿਰ ਖ਼ਾਨ, ਕੁਨਾਲ ਕਪੂਰ, ਬੋਨੀ ਕਪੂਰ ਅਤੇ ਸੰਨੀ ਲਿਓਨ ਆਪਣੇ ਪਰਿਵਾਰ ਸਮੇਤ ਨਵੀਂ ਵਿਆਹੀ ਜੋੜੀ ਨੂੰ ਆਸ਼ੀਰਵਾਦ ਦੇਣ ਪੁੱਜੀਆਂ। ਇਸੇ ਤਰ੍ਹਾਂ ਬੌਬੀ ਦਿਓਲ, ਰਿਤਿਕ ਰੌਸ਼ਨ ਆਪਣੀ ਪ੍ਰੇਮਿਕਾ ਸਬਾ ਆਜ਼ਾਦ, ਸਾਰਾ ਅਲੀ ਖ਼ਾਨ, ਅਵਿਕਾ ਗੌੜ ਅਤੇ ਮਹੇਸ਼ ਭੱਟ ਆਪਣੀ ਧੀ ਪੂਜਾ ਭੱਟ ਨਾਲ ਵਿਆਹ ਸਮਾਗਮ ਵਿੱਚ ਪੁੱਜੇ। ਕ੍ਰਿਸ਼ਨਾ ਦੀ ਵੇਦਾਂਤ ਨਾਲ ਮੰਗਣੀ ਪਿਛਲੇ ਸਾਲ ਦਸੰਬਰ ਮਹੀਨੇ ਹੋਈ ਸੀ। ਵਿਕਰਮ ਨੇ ਸੋਸ਼ਲ ਮੀਡੀਆ ’ਤੇ ਆਪਣੀ ਖੁਸ਼ੀ ਜ਼ਾਹਿਰ ਕਰਦਿਆਂ ਲਿਖਿਆ, ‘‘ਕੀ ਇਹ ਉਹੀ ਛੋਟੀ ਕੁੜੀ ਹੈ ਜਿਸ ਨੂੰ ਮੈਂ ਚੁੱਕਦਾ ਸੀ… ਕੀ ਇਹ ਉਹੀ ਛੋਟਾ ਲੜਕਾ ਹੈ, ਜੋ ਖੇਡਦਾ ਹੁੰਦਾ ਸੀ? ਮੈਨੂੰ ਨਹੀਂ ਯਾਦ ਉਹ ਕਦੋਂ ਵੱਡੇ ਹੋ ਗਏ… ਕੀ ਇਹ ਕੱਲ੍ਹ ਦੀ ਗੱਲ ਨਹੀਂ ਜਦੋਂ ਉਹ ਛੋਟੇ ਸੀ?’’ ਕੰਮ ਦੀ ਗੱਲ ਕਰੀਏ ਤਾਂ ਕ੍ਰਿਸ਼ਨਾ ਇੱਕ ਫਿਲਮਸਾਜ਼ ਹੈ ਅਤੇ ਉਸ ਦੇ ਨਿਰਦੇਸ਼ਨ ਹੇਠ ਪ੍ਰਾਜੈਕਟ ‘1920: ਹੌਰਰ ਆਫ ਦਿ ਹਾਰਟ’ 23 ਜੂਨ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਣ ਲਈ ਤਿਆਰ ਹੈ।