ਮੀਰਪੁਰ, 5 ਦਸੰਬਰ

ਬੰਗਲਾਦੇਸ਼ੀ ਹਰਫਨਮੌਲਾ ਸ਼ਾਕਿਬ ਅਲ ਹਸਨ ਦੀਆਂ ਪੰਜ ਵਿਕਟਾਂ ਅਤੇ ਮਹਿਦੀ ਹਸਨ ਮਿਰਾਜ ਦੀਆਂ ਨਾਬਾਦ 38 ਦੌੜਾਂ ਦੀ ਮਦਦ ਨਾਲ ਮੇਜ਼ਬਾਨ ਟੀਮ ਨੇ ਅੱਜ ਇੱਥੇ ਪਹਿਲੇ ਇੱਕ ਰੋਜ਼ਾ ਮੈਚ ਵਿੱਚ ਭਾਰਤ ਨੂੰ ਇੱਕ ਵਿਕਟ ਨਾਲ ਹਰਾ ਕੇ ਤਿੰਨ ਮੈਚਾਂ ਦੀ ਕ੍ਰਿਕਟ ਲੜੀ ਵਿੱਚ 1-0 ਦੀ ਲੀਡ ਲੈ ਲਈ ਹੈ। ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ 41.2 ਓਵਰਾਂ ਵਿੱਚ ਸਿਰਫ 186 ਦੌੜਾਂ ਬਣਾਈਆਂ। ਭਾਰਤ ਵੱਲੋਂ ਵਿਕਟਕੀਪਰ ਕੇ.ਐੱਲ ਰਾਹੁਲ (73 ਦੌੜਾਂ) ਨੂੰ ਛੱਡ ਕੇ ਹੋਰ ਕਿਸੇ ਬੱਲੇਬਾਜ਼ ਨੇ ਪ੍ਰਭਾਵਿਤ ਨਹੀਂ ਕੀਤਾ। ਇਸ ਦੌਰਾਨ ਕਪਤਾਨ ਰੋਹਿਤ ਸ਼ਰਮਾ ਨੇ 27 ਦੌੜਾਂ, ਸ਼੍ਰੇਅਸ ਅਈਅਰ ਨੇ 24, ਵਾਸ਼ਿੰਗਟਨ ਸੁੰਦਰ ਨੇ 19, ਵਿਰਾਟ ਕੋਹਲੀ ਨੇ 9, ਮੁਹੰਮਦ ਸਿਰਾਜ ਨੇ 9, ਸ਼ਿਖਰ ਧਵਨ ਨੇ 7 ਅਤੇ ਸ਼ਾਰਦੁਲ  ਠਾਕੁਰ ਨੇ ਦੋ ਦੌੜਾਂ ਬਣਾਈਆਂ। ਬੰਗਲਾਦੇਸ਼ ਵੱਲੋਂ ਸ਼ਾਕਿਬ ਅਲ ਹਸਨ ਨੇ 10 ਓਵਰਾਂ ਵਿੱਚ 36 ਦੌੜਾਂ ਦੇ ਕੇ ਪੰਜ ਵਿਕਟਾਂ ਲਈਆਂ ਜਦਕਿ ਇਬਾਦਤ ਹੁਸੈਨ ਨੇ ਚਾਰ ਤੇ ਮਹਿਦੀ ਹਸਨ ਮਿਰਾਜ਼ ਨੇ ਇੱਕ ਵਿਕਟ ਲਈ।

ਬੰਗਲਾਦੇਸ਼ ਨੇ ਇਹ ਟੀਚਾ 46 ਓਵਰਾਂ ਵਿੱਚ ਨੌਂ ਵਿਕਟਾਂ ਦੇ ਨੁਕਸਾਨ ’ਤੇ 187 ਦੌੜਾਂ ਬਣਾ ਕੇ ਪੂਰਾ ਕਰ ਲਿਆ। ਇਸ ਵਿੱਚ ਮਹਿਦੀ ਹਸਨ ਮਿਰਾਜ਼ ਨੇ 39 ਗੇਂਦਾਂ ਵਿੱਚ 38 ਦੌੜਾਂ ਬਣਾ ਕੇ ਅਹਿਮ ਭੂਮਿਕਾ ਨਿਭਾਈ। ਇੱਕ ਸਮੇਂ ਆਸਾਨ ਦਿਖਾਈ ਦੇ ਰਹੇ ਇਸ ਟੀਚੇ ਨੂੰ ਪੂਰਾ ਕਰਨ ਲਈ ਬੰਗਲਾਦੇਸ਼ ਨੂੰ ਕਾਫੀ ਜੱਦੋਜਹਿਦ ਕਰਨੀ ਪਈ। ਬੰਗਲਾਦੇਸ਼ ਨੇ 40ਵੇਂ ਓਵਰ ’ਚ 136 ਦੌੜਾਂ ’ਤੇ ਹਸਨ ਮਹਿਮੂਦ ਦੇ ਰੂਪ ਵਿੱਚ ਨੌਵੀਂ ਵਿਕਟ ਗੁਆ ਲਈ ਸੀ ਪਰ ਭਾਰਤੀ ਟੀਮ ਆਖਰੀ ਵਿਕਟ ਨਹੀਂ ਲੈ ਸਕੀ ਅਤੇ ਨਿਰਾਸ਼ਾ ਝੱਲਣੀ ਪਈ। ਬੰਗਲਾਦੇਸ਼  ਲਈ ਮਹਿਦੀ ਹਸਨ (38) ਤੋਂ ਇਲਾਵਾ ਕਪਤਾਨ ਲਿਟਨ ਦਾਸ ਨੇ 41, ਸ਼ਾਕਿਬ ਅਲ ਹਸਨ ਨੇ 29, ਮੁਸ਼ਫਿਕੁਰ    ਰਹਿਮਾਨ ਨੇ 18, ਅਨਾਮੁਲ ਹੱਕ ਨੇ 18 ਅਤੇ ਮੁਸਤਾਫਿਜ਼ੁਰ ਨੇ ਨਾਬਾਦ 10   ਦੌੜਾਂ ਬਣਾਈਆਂ। ਭਾਰਤ ਵੱਲੋਂ ਮੁਹੰਮਦ ਸਿਰਾਜ ਨੇ ਤਿੰਨ, ਕੁਲਦੀਪ ਸੇਨ ਤੇ ਵਾਸ਼ਿੰਗਟਨ ਸੁੰਦਰ ਨੇ ਦੋ-ਦੋ ਅਤੇ  ਦੀਪਕ ਚਾਹਰ ਤੇ ਸ਼ਾਰਦੁਲ ਠਾਕੁਰ ਨੇ 1-1 ਵਿਕਟ ਲਈ। ਇਸ ਦੌਰਾਨ ਮਹਿਦੀ ਹਸਨ ਮਿਰਾਜ ਨੂੰ ‘ਪਲੇਅਰ ਆਫ ਦਿ ਮੈਚ’ ਐਲਾਨਿਆ ਗਿਆ। ਦੋਵਾਂ ਟੀਮਾਂ ਵਿਚਾਲੇ ਲੜੀ ਦਾ ਅਗਲਾ ਮੈਚ ਬੁੱਧਵਾਰ ਨੂੰ ਚਿਟਾਗੋਂਗ ਵਿੱਚ ਖੇਡਿਆ ਜਾਵੇਗਾ।