ਮੀਰਪੁਰ:ਪਹਿਲੇ ਟੈਸਟ ਵਿੱਚ ਸ਼ਾਨਦਾਰ ਜਿੱਤ ਹਾਸਲ ਕਰਨ ਮਗਰੋਂ ਭਾਰਤੀ ਕ੍ਰਿਕਟ ਟੀਮ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਿਊਟੀਸੀ) ਵਿੱਚ ਆਪਣੀ ਸਥਿਤੀ ਸੁਧਾਰਨ ਲਈ ਭਲਕੇ ਵੀਰਵਾਰ ਤੋਂ ਇੱਥੇ ਸ਼ੁਰੂ ਹੋ ਰਹੇ ਦੂਜੇ ਅਤੇ ਆਖਰੀ ਟੈਸਟ ਮੈਚ ਵਿੱਚ ਬੰਗਲਾਦੇਸ਼ ਖ਼ਿਲਾਫ਼ ਵੱਡੀ ਜਿੱਤ ਦਰਜ ਕਰਨ ਦੀ ਕੋਸ਼ਿਸ਼ ਕਰੇਗੀ। ਇਸ ਮੈਚ ਵਿੱਚ ਸਟੈਂਡ-ਇਨ ਕਪਤਾਨ ਕੇਐੱਲ ਰਾਹੁਲ ’ਤੇ ਵੀ ਨਜ਼ਰ ਰਹੇਗੀ ਕਿਉਂਕਿ ਉਹ ਕਾਫੀ ਦੇਰ ਤੋਂ ਦੌੜਾਂ ਬਣਾਉਣ ਲਈ ਸੰਘਰਸ਼ ਕਰ ਰਿਹਾ ਹੈ। ਡਬਲਿਊਟੀਸੀ ਵਿੱਚ ਸਿਖਰਲੇ ਦੇ ਦੋ ਸਥਾਨਾਂ ’ਤੇ ਕਬਜ਼ਾ ਕਰਨ ਲਈ ਦੌੜ ਜਾਰੀ ਹੈ। ਭਾਰਤ 55.77 ਪੀਸੀਟੀ ਨਾਲ ਦੂਜੇ ਸਥਾਨ ’ਤੇ ਹੈ। ਇਸੇ ਤਰ੍ਹਾਂ ਆਸਟਰੇਲੀਆ 76.92 ਪੀਸੀਟੀ ਨਾਲ ਪਹਿਲੇ ਅਤੇ ਦੱਖਣੀ ਅਫਰੀਕਾ 54.55 ਪੀਸੀਟੀ ਨਾਲ ਤੀਜੇ ਸਥਾਨ ’ਤੇ ਹੈ। ਡਬਲਿਊਟੀਸੀ ਦੇ ਫਾਈਨਲ ਵਿੱਚ ਪਹੁੰਚਣ ਲਈ ਆਸਟਰੇਲੀਆ ਖ਼ਿਲਾਫ਼ ਆਗਾਮੀ ਘਰੇਲੂ ਲੜੀ ਭਾਰਤ ਲਈ ਅਹਿਮ ਹੋਵੇਗੀ ਪਰ ਉਹ ਬੰਗਲਾਦੇਸ਼ ਨੂੰ ਵੀ ਹਲਕੇ ’ਚ ਨਹੀਂ ਲੈ ਸਕਦਾ। ਸ਼ੁਭਮਨ ਗਿੱਲ ਅਤੇ ਕੁਲਦੀਪ ਯਾਦਵ ਵਰਗੇ ਖਿਡਾਰੀਆਂ ਨੂੰ ਪਹਿਲੇ ਟੈਸਟ ’ਚ ਸੁਨਹਿਰੀ ਮੌਕਾ ਮਿਲਿਆ ਅਤੇ ਉਨ੍ਹਾਂ ਨੇ ਇਸ ਦਾ ਪੂਰਾ ਫਾਇਦਾ ਉਠਾਇਆ। ਰੋਹਿਤ ਸ਼ਰਮਾ ਦੀ ਗੈਰਹਾਜ਼ਰੀ ਵਿੱਚ ਗਿੱਲ ਇਕ ਹੋਰ ਮੌਕੇ ਦਾ ਫਾਇਦਾ ਉਠਾਉਣਾ ਚਾਹੇਗਾ। ਇਹ ਵਿਰਾਟ ਕੋਹਲੀ ਲਈ ਨਵੰਬਰ 2019 ਤੋਂ ਬਾਅਦ ਆਪਣਾ ਪਹਿਲਾ ਟੈਸਟ ਸੈਂਕੜਾ ਲਗਾਉਣ ਲਈ ਵੀ ਚੰਗਾ ਮੌਕਾ ਹੋਵੇਗਾ। ਇਸੇ ਤਰ੍ਹਾਂ ਭਾਰਤੀ ਗੇਂਦਬਾਜ਼ ਵੀ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਟੀਮ ਨੂੰ ਵੱਡੀ ਜਿੱਤ ਦਿਵਾਉਣ ਦੀ ਕੋਸ਼ਿਸ਼ ਕਰਨਗੇ।