ਗਾਲ, 21 ਜੁਲਾਈ
ਪਾਕਿਸਤਾਨ ਨੇ ਅੱਜ ਇੱਥੇ ਖੇਡੇ ਗਏ ਪਹਿਲੇ ਟੈਸਟ ਕ੍ਰਿਕਟ ਮੈਚ ਵਿੱਚ ਮੇਜ਼ਬਾਨ ਸ੍ਰੀਲੰਕਾ ਨੂੰ ਚਾਰ ਵਿਕਟਾਂ ਨਾਲ ਹਰਾ ਕੇ ਦੋ ਮੈਚਾਂ ਦੀ ਲੜੀ ਵਿੱਚ ਸ਼ੁਰੂਆਤੀ ਲੀਡ ਹਾਸਲ ਕਰ ਲਈ ਹੈ। ਪਾਕਿਸਤਾਨ ਨੇ ਸ਼ੁਰੂਆਤ ਵਿੱਚ ਲਗਾਤਾਰ ਵਿਕਟਾਂ ਗੁਆਈਆਂ। ਇਸ ਮਗਰੋਂ ਸਲਾਮੀ ਬੱਲੇਬਾਜ਼ ਇਮਾਮ-ਉਲ-ਹੱਕ (ਨਾਬਾਦ 50) ਨੇ ਮੋਰਚਾ ਸੰਭਾਲਿਆ ਅਤੇ ਟੈਸਟ ਕ੍ਰਿਕਟ ਵਿੱਚ ਆਪਣਾ ਅੱਠਵਾਂ ਅਰਧ-ਸੈਂਕੜਾ ਜੜਿਆ। ਇਸ ਸਦਕਾ ਪਾਕਿਸਤਾਨ ਨੇ ਪੰਜ ਦਿਨ ਲੰਚ ਤੋਂ ਪਹਿਲਾਂ ਹੀ ਜਿੱਤ ਹਾਸਲ ਕਰ ਲਈ। ਸ੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 312 ਦੌੜਾਂ ਬਣਾਈਆਂ ਸੀ, ਜਿਸ ਦੇ ਜਵਾਬ ਵਿੱਚ ਪਾਕਿਸਤਾਨ ਨੇ ਆਪਣੀ ਪਹਿਲੀ ਪਾਰੀ ਵਿੱਚ 461 ਦੌੜਾਂ ਬਣਾਈਆਂ। ਸ੍ਰੀਲੰਕਾ ਨੇ ਆਪਣੀ ਦੂਜੀ ਪਾਰੀ ਵਿੱਚ 279 ਦੌੜਾਂ ਬਣਾ ਕੇ ਪਾਕਿਸਤਾਨ ਅੱਗੇ ਜਿੱਤ ਲਈ 131 ਦੌੜਾਂ ਦਾ ਟੀਚਾ ਰੱਖਿਆ ਸੀ। ਪਾਕਿਸਤਾਨ ਦੀ ਸ਼ੁਰੂਆਤ ਹਾਲਾਂਕਿ ਚੰਗੀ ਨਹੀਂ ਰਹੀ ਅਤੇ ਉਹ ਚੌਥੇ ਦਿਨ ਦੀ ਖੇਡ ਖ਼ਤਮ ਹੋਣ ਤੱਕ ਤਿੰਨ ਵਿਕਟਾਂ ਗੁਆ ਕੇ ਸਿਰਫ਼ 48 ਦੌੜਾਂ ਬਣਾ ਸਕਿਆ ਸੀ। ਪਾਕਿਸਤਾਨ ਨੂੰ ਪੰਜਵੇਂ ਅਤੇ ਆਖ਼ਰੀ ਦਿਨ ਜਿੱਤ ਲਈ 83 ਦੌੜਾਂ ਦੀ ਲੋੜ ਸੀ ਜੋ ਉਸ ਨੇ ਤਿੰਨ ਹੋਰ ਵਿਕਟਾਂ ਗੁਆ ਕੇ ਬਣਾ ਲਈਆਂ। ਦੂਜਾ ਟੈਸਟ ਮੈਚ ਸੋਮਵਾਰ ਨੂੰ ਕੋਲੰਬੋ ਵਿੱਚ ਹੋਵੇਗਾ।