ਨਵੀਂ ਦਿੱਲੀ, 22 ਅਗਸਤ
31 ਅਗਸਤ ਤੋਂ ਸ਼ੁਰੂ ਹੋਣ ਵਾਲੇ ਏਸ਼ੀਆ ਕੱਪ ਲਈ ਅੱਜ ਐਲਾਨੀ ਗਈ ਭਾਰਤੀ ਟੀਮ ਵਿੱਚ ਕੇ.ਐੱਲ. ਰਾਹੁਲ ਤੇ ਸ਼੍ਰੇਅਸ ਅਈਅਰ ਨੂੰ ਵੀ ਜਗ੍ਹਾ ਮਿਲੀ ਹੈ ਜਦਕਿ ਨੌਜਵਾਨ ਬੱਲੇਬਾਜ਼ ਤਿਲਕ ਵਰਮਾ ਨੂੰ ਵੀ ਪਹਿਲੀ ਵਾਰ ਇਕ ਰੋਜ਼ਾ ਮੈਚ ਲਈ ਟੀਮ ਵਿੱਚ ਜਗ੍ਹਾ ਦਿੱਤੀ ਗਈ ਹੈ। ਰਾਹੁਲ ਤੇ ਅਈਅਰ ਦੀ ਫਿਟਨੈੱਸ ’ਤੇ ਸਵਾਲੀਆ ਨਿਸ਼ਾਨ ਲੱਗੇ ਸਨ। ਇਹ ਦੋਵੇਂ ਖਿਡਾਰੀ ਕ੍ਰਮਵਾਰ ਪੱਟ ਤੇ ਪਿੱਠ ਦੇ ਦਰਦ ਤੋਂ ਉਭਰ ਕੇ ਵਾਪਸੀ ਕਰ ਰਹੇ ਹਨ। ਅਈਅਰ ਨੇ ਆਪਣਾ ਆਖਰੀ ਮੈਚ ਮਾਰਚ ਵਿੱਚ ਜਦਕਿ ਰਾਹੁਲ ਨੇ ਮਈ ਵਿੱਚ ਖੇਡਿਆ ਸੀ। ਹਾਲਾਂਕਿ, ਚੋਣ ਕਮੇਟੀ ਦੇ ਪ੍ਰਧਾਨ ਅਜੀਤ ਅਗਰਕਰ ਨੇ ਜਿੱਥੇ ਅਈਅਰ ਨੂੰ ਪੂਰੀ ਤਰ੍ਹਾਂ ਫਿੱਟ ਐਲਾਨਿਆ ਉੱਥੇ ਹੀ ਰਾਹੁਲ ਦੀ ਫਿਟਨੈੱਸ ਨੂੰ ਲੈ ਕੇ ਸਵਾਲ ਅਜੇ ਵੀ ਕਾਇਮ ਹੈ। ਅਗਰਕਰ ਨੇ ਟੀਮ ਦਾ ਐਲਾਨ ਕਰਦੇ ਹੋਏ ਇੱਥੇ ਕਿਹਾ ਕਿ ਵਿਕਟਕੀਪਰ ਬੱਲੇਬਾਜ਼ ਸੰਜੂ ਸੈਮਸਨ ਨੂੰ ਰਾਹੁਲ ਦੇ ਬੈਕਅਪ ਵਜੋਂ ਟੀਮ ’ਚ ਸ਼ਾਮਲ ਕੀਤਾ ਗਿਆ ਹੈ। ਹਾਲ ਹੀ ਵਿੱਚ ਰਾਹੁਲ ਨੂੰ ਮਾਮੂਲੀ ਸੱਟ ਕਾਰਨ ਪ੍ਰੇਸ਼ਾਨੀ ਹੋ ਗਈ ਸੀ। ਉੱਧਰ, ਸੱਟ ਤੋਂ ਉਭਰਨ ਤੋਂ ਬਾਅਦ ਆਇਰਲੈਂਡ ਖ਼ਿਲਾਫ਼ ਚੱਲ ਰਹੀ ਮੌਜੂਦਾ ਲੜੀ ’ਚ ਵਾਪਸੀ ਕਰਨ ਵਾਲੇ ਤੇਜ਼ ਗੇਂਦਬਾਜ਼ ਕ੍ਰਿਸ਼ਨਾ ਨੂੰ ਵੀ ਏਸ਼ੀਆ ਕੱਪ ਲਈ ਟੀਮ ’ਚ ਸ਼ਾਮਲ ਕੀਤਾ ਗਿਆ ਹੈ। ਟੀਮ ਵਿੱਚ ਗੁੱਟ ਦਾ ਇਕਮਾਤਰ ਸਪਿੰਨਰ ਕੁਲਦੀਪ ਯਾਦਵ ਸ਼ਾਮਲ ਹੈ। ਸਪਿੰਨ ਵਿਭਾਗ ਵਿੱਚ ਹਾਲਾਂਕਿ ਅਕਸ਼ਰ ਪਟੇਲ ਤੇ ਰਵਿੰਦਰ ਜਡੇਜਾ ਵੀ ਸ਼ਾਮਲ ਹਨ। ਹਾਰਦਿਕ ਪਾਂਡਿਆ ਨੂੰ ਉਪ ਕੁਪਤਾਨ ਨਿਯੁਕਤ ਕੀਤਾ ਗਿਆ ਹੈ। ਉਹ ਤੇ ਸ਼ਾਰਦੁਲ ਠਾਕੁਰ ਟੀਮ ਵਿੱਚ ਸ਼ਾਮਲ ਦੋ ਆਲਰਾਊਂਡਰ ਹਨ।