ਰੂੜਕੇਲਾ, 14 ਜੂਨ
ਉੱਤਰ ਪ੍ਰਦੇਸ਼ ਨੇ 13ਵੀਂ ਹਾਕੀ ਜੂਨੀਅਰ ਪੁਰਸ਼ ਕੌਮੀ ਚੈਂਪੀਅਨਸ਼ਿਪ ’ਚ ਅੱਜ ਇੱਥੇ ਕੇਰਲਾ ਨੂੰ 11-1 ਨਾਲ ਹਰਾਇਆ ਜਦਕਿ ਚੰਡੀਗੜ੍ਹ ਨੇ ਆਂਧਰਾ ਪ੍ਰਦੇਸ਼ ਨੂੰ 12-1 ਨਾਲ ਮਾਤ ਦਿੱਤੀ। ਦਿਨ ਦੇ ਪਹਿਲੇ ਮੈਚ ’ਚ ਉੱਤਰ ਪ੍ਰਦੇਸ਼ ਵੱਲੋਂ ਕਪਤਾਨ ਆਮਿਰ ਅਲੀ ਨੇ ਚੌਥੇ ਮਿੰਟ ’ਚ ਟੀਮ ਦਾ ਖਾਤਾ ਖੋਲ੍ਹਿਆ ਜਿਸ ਮਗਰੋਂ ਰਾਜਨ ਗੁਪਤਾ ਨੇ (18ਵੇਂ, 52ਵੇਂ ਤੇ 60ਵੇਂ ਮਿੰਟ) ਅਤੇ ਸ਼ਾਹਰੁਖ ਅਲੀ ਨੇ (25ਵੇਂ, 27ਵੇਂ ਤੇ 55ਵੇਂ ਮਿੰਟ) ਤਿੰਨ-ਤਿੰਨ ਗੋਲ ਕੀਤੇ ਜਦਕਿ ਸੌਰਭ ਕੁਸ਼ਵਾਲਾ ਨੇ (30ਵੇਂ ਤੇ 35ਵੇਂ ਮਿੰਟ ’ਚ) ਦੋ ਗੋਲ ਦਾਗੇ। ਅਜੈ ਯਾਦਵ ਨੇ 28ਵੇਂ ਤੇ ਹੈਦਰ ਅਲੀ ਨੇ 45ਵੇਂ ਮਿੰਟ ’ਚ ਗੋਲ ਕੀਤਾ। ਕੇਰਲਾ ਵੱਲੋਂ ਇਕਲੋਤਾ ਗੋਲ ਅਭਿਜੀਤ ਕ੍ਰਿਸ਼ਨਾ ਨੇ 49ਵੇਂ ਮਿੰਟ ’ਚ ਕੀਤਾ। ਦੂਜੇ ਮੈਚ ’ਚ ਚੰਡੀਗੜ੍ਹ ਵੱਲੋਂ ਸੁਰਿੰਦਰ ਸਿੰਘ ਨੇ (9ਵੇਂ, 17ਵੇਂ, 38ਵੇਂ, 49ਵੇਂ, 51ਵੇਂ ਤੇ 53ਵੇਂ ਮਿੰਟ) ਛੇ ਗੋਲ ਦਾਗੇ ਜਦਕਿ ਪਰਮਵੀਰ ਸਿੰਘ (36ਵੇਂ, 36ਵੇਂ ਤੇ 48ਵੇਂ ਮਿੰਟ) ਨੇ ਤਿੰਨ ਗੋਲ ਕੀਤੇ। ਕਰਮਬੀਰ, ਇੰਦਰਪਾਲ ਸਿੰਘ ਤੇ ਕਪਤਾਨ ਰਮਨ ਨੇ ਇੱਕ-ਇੱਕ ਗੋਲ ਕੀਤਾ। ਆਂਧਰਾ ਪ੍ਰਦੇਸ਼ ਵੱਲੋਂ ਇੱਕੋ-ਇਕ ਗੋਲ ਕਾਵੁਰੂ ਪ੍ਰਧਾ ਸਾਈ ਨੇ ਕੀਤਾ।

ਇਸ ਤੋਂ ਪਹਿਲਾਂ ਬੀਤੇ ਦਿਨ ਬਿਹਾਰ ਨੇ ਬੰਗਾਲ ਨੂੰ 7-1 ਜਦਕਿ ਮਹਾਰਾਸ਼ਟਰ ਨੇ ਤਿਲੰਗਾਨਾ ਨੂੰ 5-1 ਨਾਲ ਹਰਾਇਆ। ਬਿਹਾਰ ਵੱਲੋਂ ਕਪਤਾਨ ਰਵੀ, ਦਾਨਿਸ਼, ਅਨੀਸ਼ ਲਾਕੜਾ, ਵਿਮਲ ਬਾਰਜੋ, ਸਚਿਨ ਡੁੰਗਡੌਂਗ ਤੇ ਭਾਵੁਕ ਨੇ ਗੋਲ ਦਾਗੇ ਜਦਕਿ ਬੰਗਾਲ ਵੱਲੋਂ ਸਿਰਫ਼ ਸ਼ਾਂਤਨੂ ਨਾਸਕਰ ਨੇ ਇੱਕ ਗੋਲ ਦਾਗਿਆ। ਇਸੇ ਤਰ੍ਹਾਂ ਤ੍ਰਿਪੁਰਾ ਨੂੰ ਦਾਦਰਾ ਤੇ ਨਗਰ ਹਵੇਲੀ ਅਤੇ ਦਮਨ ਤੇ ਦਿਊ ਨੇ 5-0 ਨਾਲ ਮਾਤ ਦਿੱਤੀ।