ਨਵੀਂ ਦਿੱਲੀ:ਭਾਰਤੀ ਕੁਸ਼ਤੀ ਸੰਘ (ਡਬਲਯੂਐੱਫਆਈ) ਨੇ ਅੱਜ ਕਿਹਾ ਕਿ ਚੋਟੀ ਦੇ ਪਹਿਲਵਾਨਾਂ ਨਾਲ ਜੁੜੇ ਮੌਜੂਦਾ ਵਿਦੇਸ਼ੀ ਕੋਚਾਂ ਅਤੇ ਹੋਰ ਕੋਚਾਂ ਦੇ ਕਾਰਜਕਾਲ ਬਾਰੇ ਫ਼ੈਸਲਾ ਨਵੰਬਰ ਵਿੱਚ ਕੌਮੀ ਚੈਂਪੀਅਨਸ਼ਿਪ ਮਗਰੋਂ ਹੀ ਕੀਤਾ ਜਾਵੇਗਾ। ਜਾਰਜੀਆ ਦੇ ਸ਼ੈਕੋ ਬੈਂਟੀਨਿਡਿਸ ਟੋਕੀਓ ਓਲੰਪਿਕ ਤਗ਼ਮਾ ਜੇਤੂ ਬਜਰੰਗ ਪੂਨੀਆ ਨਾਲ ਜੁੜੇ ਹੋਏ ਹਨ, ਜਦਕਿ ਰੂਸ ਦੇ ਕਮਾਲ ਮਾਲਿਕਕੋਵ ਵੱਲੋਂ ਰਵੀ ਦਹੀਆ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ। ਡਬਲਯੂਐੱਫਆਈ ਨੇ ਫ਼ੈਸਲਾ ਕਰਨਾ ਹੈ ਕਿ ਮਹਿਲਾ ਪਹਿਲਵਾਨਾਂ ਦੇ ਕੌਮੀ ਕੈਂਪ ਲਈ ਵਿਦੇਸ਼ੀ ਕੋਚ ਦੀ ਲੋੜ ਹੈ ਜਾਂ ਨਹੀਂ ਕਿਉਂਕਿ ਸੰਘ ਨੇ ਅਮਰੀਕਾ ਦੇ ਐਂਡਰਿਊ ਕੁੱਕ ਨੂੰ ਬਰਖ਼ਾਸਤ ਕਰਨ ਮਗਰੋਂ ਹੁਣ ਤੱਕ ਵਿਦੇਸ਼ੀ ਟਰੇਨਰ ਨਾਲ ਸਮਝੌਤਾ ਨਹੀਂ ਕੀਤਾ।