ਪਟਿਆਲਾ, 26 ਜੁਲਾਈ
ਕੌਮੀ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਮੈਂਬਰ ਮਨਜੀਤ ਸਿੰਘ ਰਾਏ ਨੇ ਅੱਜ ਇੱਥੇ ਜ਼ਿਲ੍ਹਾ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਘੱਟ ਗਿਣਤੀਆਂ ਲਈ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਦਾ ਜਾਇਜ਼ਾ ਲਿਆ। ਉਨ੍ਹਾਂ ਅਧਿਕਾਰੀਆਂ ਨੂੰ ਘੱਟ ਗਿਣਤੀਆਂ ਦੀਆਂ ਮੁਸ਼ਕਲਾਂ ਦਾ ਨਿਪਟਾਰਾ ਪਹਿਲ ਦੇ ਆਧਾਰ ’ਤੇ ਕਰਨ ਦੀ ਹਦਾਇਤ ਦਿੱਤੀ।
ਸ੍ਰੀ ਰਾਏ ਨੇ ਕਿਹਾ ਕਿ ਭਲਾਈ ਸਕੀਮਾਂ ਬਾਰੇ ਸਬੰਧਤ ਵਿਭਾਗ ਆਪਣੀਆਂ ਰਿਪੋਰਟਾਂ ਇੱਕ ਹਫ਼ਤੇ ’ਚ ਕਮਿਸ਼ਨ ਨੂੰ ਭੇਜਣ। ਉਨ੍ਹਾਂ ਕਿਹਾ ਕਿ ਪੰਜਾਬ ’ਚੋਂ ਬਹੁਤ ਘੱਟ ਸ਼ਿਕਾਇਤਾਂ ਕਮਿਸ਼ਨ ਕੋਲ ਪੁੱਜੀਆਂ ਹਨ ਜਦਕਿ ਉੱਤਰ ਪ੍ਰਦੇਸ਼ ਸੂਬੇ ਵਿੱਚੋਂ ਘਰੇਲੂ ਝਗੜਿਆਂ ਦੀਆਂ ਸ਼ਿਕਾਇਤਾਂ ਵੀ ਕਮਿਸ਼ਨ ਕੋਲ ਪੁੱਜ ਜਾਂਦੀਆਂ ਹਨ। ਮੈਂਬਰ ਨੇ ਦੱਸਿਆ ਕਿ ਕਮਿਸ਼ਨ ਘੱਟ ਗਿਣਤੀਆਂ ਦੇ ਬੱਚਿਆਂ ਲਈ ਬਣਾਏ ਗਏ ਆਂਗਨਵਾੜੀ ਕੇਂਦਰਾਂ ਨੂੰ ਵੀ ਪਲੇਅਵੇਅ ਸਕੂਲਾਂ ਵੱਜੋਂ ਵਿਕਸਤ ਕਰਨ ਦੀ ਸਿਫ਼ਾਰਸ਼ ਕਰੇਗਾ। ਉਨ੍ਹਾਂ ਘੱਟ ਗਿਣਤੀ ਵਰਗਾਂ ਦੇ ਮੈਂਬਰਾਂ ਨਾਲ ਮੁਲਾਕਾਤ ਵੀ ਕੀਤੀ। ਇਸ ਮੀਟਿੰਗ ਦੌਰਾਨ ਏਡੀਸੀ (ਜ) ਸ਼ੌਕਤ ਅਹਿਮਦ ਪਰੇ, ਐੱਸਪੀ (ਸੁਰੱਖਿਆ ਤੇ ਟਰੈਫ਼ਿਕ) ਅਮਰਜੀਤ ਸਿੰਘ ਘੁੰਮਣ ਅਤੇ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਇਸ਼ਮਤ ਵਿਜੇ ਸਿੰਘ ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਪ੍ਰਧਾਨ ਮੰਤਰੀ ਦੇ 15 ਨੁਕਾਤੀ ਪ੍ਰੋਗਰਾਮ ਤਹਿਤ ਘੱਟ ਗਿਣਤੀਆਂ ਨੂੰ ਮਿਲਦੀਆਂ ਸਹੂਲਤਾਂ ਬਾਰੇ ਜਾਗਰੂਕਤਾ ਫੈਲਾਉਣ ਲਈ ਯਤਨ ਕਰੇ।
ਉਨ੍ਹਾਂ ਘੱਟ ਗਿਣਤੀਆਂ ਦੇ ਵਿਦਿਆਰਥੀਆਂ ਲਈ ਲਾਗੂ ਵਜ਼ੀਫ਼ਾ ਸਕੀਮ, ਪੜ੍ਹੋ ਪ੍ਰਦੇਸ਼, ਨਵਾਂ ਸਵੇਰਾ ਤਹਿਤ ਮੁਕਾਬਲੇ ਦੇ ਇਮਤਿਹਾਨਾਂ ਲਈ ਮੁਫ਼ਤ ਕੋਚਿੰਗ, ਨਈ ਉਡਾਣ, ਸੀਖੋ ਕਮਾਓ, ਉਸਤਾਦ, ਨਵੀਂ ਮੰਜ਼ਿਲ, ਨਈ ਰੌਸ਼ਨੀ, ਹਮਾਰੀ ਧਰੋਹਰ, ਜਿਓ ਪਾਰਸੀ, ਹੱਜ ਪ੍ਰਬੰਧਨ, ਵਕਫ਼ ਡਿਵੀਜ਼ਨ, ਨਵੀਂ ਪਹਿਲ ਆਦਿ ਸਕੀਮਾਂ ਬਾਰੇ ਵੀ ਜਾਣਕਾਰੀ ਦਿੱਤੀ। ਮਨਜੀਤ ਸਿੰਘ ਰਾਏ ਨੇ ਕਿਹਾ ਕਿ ਪ੍ਰੀ ਮੈਟ੍ਰਿਕ ਸਕਾਲਰਸ਼ਿਪ ਸਕੀਮ ਲਈ ਨੈਸ਼ਨਲ ਪੋਰਟਲ 23 ਜੁਲਾਈ ਤੋਂ ਚਾਲੂ ਹੋ ਗਿਆ ਹੈ।