ਨਵੀਂ ਦਿੱਲੀ, 18 ਜੁਲਾਈ

ਤਰਜਬੇਕਾਰ ਖੇਡ ਪ੍ਰਬੰਧਕ ਨਰਿੰਦਰ ਬਤਰਾ ਨੇ ਅੱਜ ਕੌਮਾਂਤਰੀ ਹਾਕੀ ਫੈਡਰੇਸ਼ਨ (ਐੱਫਆਈਐੱਚ) ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਨੇ ਨਾਲ ਹੀ ਕੌਮਾਂਤਰੀ ਓਲੰਪਿਕ ਕਮੇਟੀ (ਆਈਓਸੀ) ਦੀ ਮੈਂਬਰੀ ਵੀ ਛੱਡ ਦਿੱਤੀ ਹੈ। ਦੱਸਣਯੋਗ ਹੈ ਕਿ ਬਤਰਾ ਨੂੰ ਭਾਰਤੀ ਓਲੰਪਿਕ ਐਸੋਸੀਏਸ਼ਨ (ਆਈਓਏ) ਦੇ ਪ੍ਰਧਾਨ ਦਾ ਅਹੁਦਾ ਛੱਡਣਾ ਪਿਆ ਸੀ। ਦਿੱਲੀ ਹਾਈ ਕੋਰਟ ਨੇ 25 ਮਈ ਨੂੰ ਬਤਰਾ ਦੀ ‘ਹਾਕੀ ਇੰਡੀਆ’ ਵਿੱਚ ‘ਤਾਉਮਰ ਮੈਂਬਰਸ਼ਿਪ’ ਖਤਮ ਕਰ ਦਿੱਤੀ ਸੀ। ਤਿੰਨ ਵੱਖ-ਵੱਖ ਪੱਤਰਾਂ ਰਾਹੀਂ ਬਤਰਾ ਨੇ ਅਧਿਕਾਰਤ ਤੌਰ ’ਤੇ ਆਈਓਏ, ਕੌਮਾਂਤਰੀ ਓਲੰਪਕਿ ਕਮੇਟੀ ਤੇ ਕੌਮਾਂਤਰੀ ਹਾਕੀ ਫੈਡਰੇਸ਼ਨ ਵਿੱਚ ਆਪਣੇ ਅਹੁਦਿਆਂ ਤੋਂ ਅਸਤੀਫ਼ਾ ਦਿੱਤਾ ਹੈੈ। ਬਤਰਾ ਨੇ ਐੱਫਆਈਐੱਚ ਦੇ ਕਾਰਜਕਾਰੀ ਬੋਰਡ ਨੂੰ ਲਿਖਿਆ, ‘‘ਨਿੱਜੀ ਕਾਰਨਾਂ ਕਰਕੇ ਮੈਂ ਐੱਫਆਈਐੱਚ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਸੌਂਪਦਾ ਹਾਂ।’’