ਸ੍ਰੀ ਆਨੰਦਪੁਰ ਸਾਹਿਬ, 9 ਦਸੰਬਰ
ਭਾਰਤ ਅਤੇ ਕੈਨੇਡਾ ਦੀਆਂ ਟੀਮਾਂ ਕੌਮਾਂਤਰੀ ਕਬੱਡੀ ਟੂਰਨਾਮੈਂਟ ਦੇ ਖ਼ਿਤਾਬ ਲਈ ਮੰਗਲਵਾਰ ਨੂੰ ਡੇਰਾ ਬਾਬਾ ਨਾਨਕ (ਗੁਰਦਾਸਪੁਰ) ਵਿੱਚ ਭਿੜਨਗੀਆਂ। ਦੋਵਾਂ ਟੀਮਾਂ ਨੇ ਅੱਜ ਇੱਥੇ ਸ਼ਿਵਾਲਿਕ ਦੀਆਂ ਪਹਾੜੀਆਂ ’ਚ ਘਿਰੇ ਚਰਨਗੰਗਾ ਸਟੇਡੀਅਮ ਵਿੱਚ ਖੇਡੇ ਸੈਮੀ-ਫਾਈਨਲ ਮੁਕਾਬਲੇ ਜਿੱਤ ਕੇ ਫਾਈਨਲ ਲਈ ਕੁਆਲੀਫਾਈ ਕੀਤਾ। ਇਹ ਮੁਕਾਬਲੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਸ਼ੁਰੂ ਕਰਵਾਏ।
ਪਹਿਲਾ ਸੈਮੀ-ਫਾਈਨਲ ਮੁਕਾਬਲਾ ਕੈਨੇਡਾ ਅਤੇ ਇੰਗਲੈਡ ਦੀਆਂ ਟੀਮਾਂ ਵਿਚਕਾਰ ਹੋਇਆ। ਇਸ ਫਸਵੇਂ ਮੈਚ ਵਿੱਚ ਇੰਗਲੈਂਡ ਦੀ ਟੀਮ ਨੇ ਪਹਿਲੇ ਕੁਆਰਟਰ ਵਿੱਚ 10 ਅੰਕ ਹਾਸਲ ਕੀਤੇ ਜਦਕਿ ਕੈਨੇਡਾ ਦੇ 9 ਅੰਕ ਸਨ। ਕੈਨੇਡਾ ਦੀ ਟੀਮ ਨੇ ਬਾਕੀ ਤਿੰਨਾਂ ਕੁਆਰਟਰਾਂ ਵਿੱਚ ਇੰਗਲੈਡ ’ਤੇ ਲੀਡ ਬਰਕਰਾਰ ਰੱਖਦਿਆਂ ਅਖ਼ੀਰ 45-29 ਅੰਕਾਂ ਨਾਲ ਜਿੱਤ ਦਰਜ ਕੀਤੀ।
ਟੂਰਨਾਮੈਂਟ ਦੇ ਦੂਜੇ ਸੈਮੀ-ਫਾਈਨਲ ਵਿੱਚ ਭਾਰਤੀ ਟੀਮ ਲਗਾਤਾਰ ਅਮਰੀਕਾ ’ਤੇ ਭਾਰੂ ਰਹੀ। ਪਹਿਲੇ ਕੁਆਰਟਰ ਵਿੱਚ ਭਾਰਤ ਨੇ 18 ਅਤੇ ਅਮਰੀਕਾ ਨੇ ਸਿਰਫ਼ 5 ਅੰਕ ਬਣਾਏ। ਮੈਚ ਦੇ ਅੱਧ ਤੱਕ ਭਾਰਤ ਨੇ ਇਹ ਲੀਡ 33-13 ਅੰਕ ਕਰ ਲਈ, ਜੋ ਤੀਜੇ ਕੁਆਰਟਰ ਵਿਚ 47-21 ਅੰਕ ਹੋ ਗਈ। ਦਰਸ਼ਕਾਂ ਨਾਲ ਨੱਕੋ-ਨੱਕ ਭਰੇ ਸਟੇਡੀਅਮ ਵਿੱਚ ਅਖ਼ੀਰ ਭਾਰਤ ਨੇ ਇਹ ਮੈਚ 59-31 ਅੰਕਾਂ ਨਾਲ ਜਿੱਤ ਲਿਆ। ਪ੍ਰਸਿੱਧ ਗਾਇਕਾ ਸੁਨੰਦਾ ਸ਼ਰਮਾ ਨੇ ਆਪਣੀ ਗਾਇਕੀ ਨਾਲ ਦਰਸ਼ਕਾਂ ਦਾ ਖ਼ੂਬ ਮੰਨੋਰੰਜਨ ਕੀਤਾ। ਇਸ ਮੌਕੇ ਵਿਧਾਇਕ ਅਮਰਜੀਤ ਸਿੰਘ ਸੰਦੋਆ, ਡੀਸੀ ਡਾ. ਸੁਮਿਤ ਜਾਰੰਗਲ, ਜ਼ਿਲ੍ਹਾ ਪੁਲੀਸ ਮੁਖੀ ਸਵੱਪਨ ਸ਼ਰਮਾ, ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ ਰਸ਼ਿਮ ਵਰਮਾ, ਏਡੀਸੀ ਅਮਰਦੀਪ ਸਿੰਘ ਗੁਜ਼ਰਾਲ ਤੇ ਪੰਜਾਬ ਦੇ ਡਿਪਟੀ ਡਾਇਰੈਕਟਰ (ਸਪੋਰਟਸ) ਕਰਤਾਰ ਸਿੰਘ ਹਾਜ਼ਰ ਸਨ।