ਸ਼ਮਸ਼ੇਰ ਸਿੰਘ ਗਿੱਲ
416-856-0821
ਸਮੱਸਿਆ ਤੋਂ ਦੂਰ ਭੱਜਣਾ ਸਮੱਸਿਆ ਦਾ ਹੱਲ ਨਹੀਂ। ਇਸ ਦਾ ਸਾਹਮਣਾ ਕਰਕੇ ਇਸ ਦਾ ਹੱਲ ਕੱਢਣਾ ਇਨਸਾਨ ਦਾ ਫਰਜ਼ ਹੈ। ਅੱਜ ਉਹਨਾਂ ਇਨਸਾਨਾਂ ਨੂੰ ਅਪੀਲ ਹੈ ਜੋ ਸਾਡੇ ਆਪਣੇ ਸ਼ਹਿਰ ਬਰੈਂਪਟਨ ਤੋਂ ਇਸ ਕਰਕੇ ਦੂਰ ਭੱਜਣ ਦੀਆਂ ਗੱਲਾਂ ਕਰਦੇ ਹਨ ਕਿ ਇਹ ਹੁਣ ਰਹਿਣ ਯੋਗ ਨਹੀਂ ਰਿਹਾ। ਇਹ ਸਮਝਣ ਦੀ ਲੋੜ ਹੈ ਕਿ ਇਸ ਨੂੰ ਬਚਾਇਆ ਕਿਵੇਂ ਜਾਵੇ। ਸਮਝੀਏ ਕਿ ਇਹ ਕਿਉਂ ਰਹਿਣਯੋਗ ਨਹੀਂ ਰਿਹਾ? ਇਸ ਨੂੰ ਰਹਿਣਯੋਗ ਬਣਾਉਣ ਲਈ ਕੀ ਕੀਤੇ ਜਾਣ ਦੀ ਲੋੜ ਹੈ?ਕੌਣਅਜਿਹਾ ਕਰ ਸਕਦਾ ਹੈ?ਕਿਸ ਦੇ ਜ਼ਿੰਮੇ ਹੈ ਇਹ ਕਾਰਜ?
ਉਪਰੋਕਤ ਸਾਰੇ ਸਵਾਲਾਂ ਦਾ ਅੱਜ ਇੱਕੋ ਜਵਾਬ ਹੈ – 22 ਅਕਤੂਬਰ 2018। ਅੱਜ ਤੱਕ ਇਹਨਾਂ ਚੋਣਾਂ ਨੂੰ ਅਸੀਂ ਖ਼ਾਸ ਕਰ ਪੰਜਾਬੀਆਂ ਨੇ ਕਦੇ ਗੰਭੀਰਤਾ ਨਾਲ਼ ਲਿਆ ਹੀ ਨਹੀਂ। ਆਓ ਇਸ ਵਾਰ ਇਹ ਦਾਗ਼ ਵੀ ਧੋ ਦੇਈਏ। 22 ਅਕਤੂਬਰ ਨੂੰ ਵੋਟਾਂ ਦਾ ਹੜ੍ਹ ਪੋਲਿੰਗ ਸਟੇਸ਼ਨਾ ਤੇ ਲਿਆ ਦੇਈਏ।ਇਸ ਦਿਨ ਅਸੀਂ ਵੱਧ ਤੋਂ ਵੱਧ 20 ਮਿੰਟ ਅਗਲੇ ਚਾਰ ਸਾਲਾਂ ਨੂੰ ਦੇਣੇ ਹਨ। 
ਜੇਕਰ ਅਜਿਹਾ ਕਰਨ ਵਿੱਚ ਇਸ ਵਾਰ ਕਾਮਯਾਬ ਹੋ ਗਏ ਤਾਂ ਸਮਝ ਲਿਓ ਕਿ ਬਰੈਂਪਟਨ ਸ਼ਹਿਰ ਹਰ ਪੱਧਰ ਤੇ ਅਹਿਮ ਹੋਵੇਗਾ। ਇਹ ਨਹੀਂ ਹੋਵੇਗਾ ਕਿ ਇਸ ਸ਼ਹਿਰ ਦਾ ਕੋਈ ਸਰਕਾਰ ਵਿੱਚ ਮੰਤਰੀ ਨਹੀਂ ਹੋਵੇਗਾ। ਇਹ ਨਹੀਂ ਹੋਵੇਗਾ ਕਿ ਸ਼ਹਿਰ ਨਾਲ਼ ਸਬੰਧਤ ਅਹਿਮ ਫੈਸਲੇ ਸਿਰਫ 6 ਕੌਂਸਲਰਾਂ ਦੇ ਹੱਥ ਹੋਣਗੇ। ਇਹ ਨਹੀਂ ਹੋਵੇਗਾ ਕਿ 74 ਫੀਸਦੀ ਬਰੈਂਪਟਨ ਵਾਸੀਆਂ ਦੀ ਆਵਾਜ਼ ਦੇ ਉਲਟ ਸਿਰਫ 6 ਕੌਂਸਲਰ ਰਲ਼ ਕੇ ਸ਼ਹਿਰ ਦੇ ਭਵਿੱਖ ਦਾ ਗਲਾ ਘੋਟ ਦੇਣਗੇ। ਘਰ ਆਏ 385 ਮਿਲੀਅਨ ਡਾਲਰ ਦੇ ਐੱਲ਼ਆਰæਟੀæਪ੍ਰੋਜੈਕਟ ਨੂੰ ਕੂੜੇ ਦੇ ਢੇਰ੍ਹ ਤੇ ਸੁੱਟ ਦੇਣਗੇ।
ਬਰੈਂਪਟਨ ਵਿੱਚ ਸਾਡੀ ਵਧੇਰੇ ਵਸੋਂ ਹੈ। ਬਹੁਤੀ ਵਾਰ ਮਾੜੀਆਂ ਖ਼ਬਰਾਂ ਕਰਕੇ ਬਰੈਂਪਟਨ ਦੀ ਬਦਨਾਮੀ ਦੁਨੀਆਂ ਭਰ ਵਿੱਚ ਹੁੰਦੀ ਹੈ। ਖ਼ਬਰ ਦੀ ਸੁਰਖੀ ਵੇਖਦਿਆਂ ਹੀ ਹਰ ਕੋਈ ਸਮਝਦਾ ਹੈ ਕਿ ਜੇ ਖ਼ਬਰ ਬਰੈਂਪਟਨ ਨਾਲ਼ ਸਬੰਧਤ ਹੈ ਤਾਂ ਜ਼ਰੂਰ ਕੋਈ ਪੰਜਾਬੀ ਸ਼ਾਮਿਲ ਹੋਵੇਗਾ। ਬਰੈਂਪਟਨ ਸ਼ਹਿਰ ਵਿੱਚ ਲੜਾਈ ਹੋਈ ਹੈ ਤਾਂ ਪੰਜਾਬੀ ਲੜੇ ਹੋਣਗੇ। ਪੁਲਿਸ ਨੇ ਕਿਸੇ ਨੂੰ ਗ੍ਰਿਫਤਾਰ ਕੀਤਾ ਹੈ ਤਾਂ ਪੰਜਾਬੀ ਹੀ ਹੋਵੇਗਾ। ਕਿਸੇ ਬਰੈਂਪਟਨ ਵਾਸੀ ਕੋਲੋਂ ਡਰੱਗ ਫੜ੍ਹੀ ਗਈ ਹੈ ਤਾਂ ਪੰਜਾਬੀ ਹੀ ਹੋਵੇਗਾ। ਬਰੈਂਪਟਨ ਦੇ ਸਕੂਲਾਂ ਵਿੱਚ ਨਸ਼ਾ ਵਿਕ ਰਿਹਾ ਹੈ ਤਾਂ ਪੱਕਾ ਕੋਈ ਪੰਜਾਬੀ ਹੀ ਵੇਚ ਰਿਹਾ ਹੋਵੇਗਾ। 
ਬਰੈਂਪਟਨ ਦੇ ਹਸਪਤਾਲ ਵਿੱਚ ਸਿਹਤ ਸੇਵਾਵਾਂ ਦੇ ਮਾੜੇ ਹਾਲ ਲਈ ਅਸੀਂ ਜ਼ਿੰਮੇਵਾਰ ਹਾਂ। ਬਰੈਂਪਟਨ ਸ਼ਹਿਰ ਨੂੰ ਸੂਬਾਈ ਅਤੇ ਕੌਮੀ ਪੱਧਰ ਤੇ ਸਹੀ ਸਿਆਸੀ ਨੁਮਾਇੰਦਗੀ ਨਾਂ ਮਿਲਣ ਦਾ ਕਾਰਨ ਵੀ ਅਸੀਂ ਹਾਂ। ਬਰੈਂਪਟਨ ਵਿੱਚ ਇੰਸ਼ੋਰੈਂਸ ਦੇ ਵਧਣ ਪਿੱਛੇ ਵੀ ਅਸੀਂ ਹਾਂ। ਬਰੈਂਪਟਨ ਨੂੰ ਬਾਕੀ ਸ਼ਹਿਰਾਂ ਦੇ ਮੁਕਾਬਲੇ ਘੱਟ ਪ੍ਰੋਜੈਕਟ ਮਿਲਣ ਪਿੱਛੇ ਵੀ ਅਸੀਂ ਹਾਂ। 
ਸਿਰਫ ਵੋਟ ਪਾਉਣਾ ਹੀ ਕਾਫੀ ਨਹੀਂ ਹੈ। ਸੋਚ-ਸਮਝ ਕੇ ਵੋਟ ਪਾਉਣਾ ਬੇਹੱਦ ਜ਼ਰੂਰੀ ਹੈ। ਸਾਡੀ ਸਮਝ ਅਨੁਸਾਰ ਇਹਨਾਂ ਚੋਣਾਂ ਵਿੱਚ ਪਹਿਲੀ ਵਾਰ ਸਾਡੇ ਕੋਲ਼ ਵਧੀਆ ਅਤੇ ਯੋਗ ਉਮੀਦਵਾਰਾਂ ਦੀ ਵੱਧ ਗਿਣਤੀ ਹੈ। ਹਰ ਪੱਧਰ ਤੇ ਅਤੇ ਹਰ ਅਹੁਦੇ ਲਈ ਕੋਈ ਨਾਂ ਕੋਈ ਅਜਿਹਾ ਉਮੀਦਵਾਰ ਹੈ ਜੋ ਸਾਡੀ ਬਿਹਤਰ ਅਗਵਾਈ ਸਿਟੀ ਹਾਲ ਵਿੱਚ ਕਰ ਸਕਦਾ ਹੈ। ਭਾਸ਼ਾ ਦੇ ਗਿਆਨ, ਮੁੱਦਿਆਂ ਦੀ ਸੂਝ, ਸਿਆਸੀ ਤਜਰਬੇ, ਬੋਲਣ ਦੀ ਹਿੰਮਤ ਰੱਖਣ ਵਾਲੇ ਕਈ ਉਮੀਦਵਾਰ ਇਹ ਚੋਣਾਂ ਲੜ ਰਹੇ ਹਨ। ਲੋੜ ਹੈ ਇਹਨਾਂ ਨੂੰ ਪਛਾਨਣ ਦੀ। ਮੈਂ ਕਦੇ ਇਸ ਹੱਕ ਵਿੱਚ ਨਹੀਂ ਰਿਹਾ ਕਿ ਸਿਰਫ ਪੰਜਾਬੀ ਉਮੀਦਵਾਰ ਨੂੰ ਹੀ ਵੋਟ ਪਾਓ। ਹਾਂ ਇਹ ਜ਼ਰੂਰ ਹੈ ਕਿ ਸਾਡੀ ਬਹੁਤੀ ਵਸੋਂ ਹੋਣ ਕਰਕੇ ਸਾਡੀ ਵਧੇਰੇ ਨੁਮਾਇੰਦਗੀ ਹੋਣੀ ਵੀ ਲਾਜ਼ਮੀ ਹੈ। ਪਰ ਇਸ ਤੋਂ ਵੀ ਜ਼ਰੂਰੀ ਹੈ ਕਿ ਉਸ ਪੰਜਾਬੀ ਉਮੀਦਵਾਰ ਨੂੰ ਵੋਟ ਪਾਓ ਜੋ ਤੁਹਾਡੀਆਂ ਆਸਾਂ ਨੂੰ ਬੂਰ ਪਾ ਸਕੇ। ਨਖਿੱਧ ਪੰਜਾਬੀ ਨੂੰ ਵੋਟ ਪਾਉਣ ਨਾਲੋਂ ਕਿਸੇ ਹੋਰ ਦੀ ਯੋਗਤਾ ਨੂੰ ਪਛਾਣ ਕੇ ਵੋਟ ਪਾਓ। 
ਅੱਜ ਬਰੈਂਪਟਨ ਦੇ ਕਈ ਮੌਜੂਦਾ ਕੌਂਸਲਰ ਸਾਡੀ ਵਧੇਰੀ ਵਸੋਂ ਵਾਲੇ ਇਲਾਕਿਆਂ ਵਿੱਚ ਜਾ ਕੇ ਵੋਟ ਮੰਗਣ ਨੂੰ ਵੀ ਸਮੇਂ ਦੀ ਬਰਬਾਦੀ ਮੰਨਦੇ ਹਨ।  ਅਸੀਂ ਸਮਝ ਸਕਦੇ ਹਾਂ ਕਿ ਉਹਨਾਂ ਦੀ ਨਜ਼ਰ ਵਿੱਚ ਸਾਡੀ ਵੋਟ ਦੀ ਕਿੰਨੀ ਕੀਮਤ ਹੈ। ਇਸ ਵਿੱਚ ਉਹਨਾਂ ਦਾ ਕੋਈ ਕਸੂਰ ਨਹੀਂ ਹੈ। ਕਸੂਰ ਸਾਡਾ ਹੈ। ਉਹਨਾਂ ਨੂੰ ਪਤਾ ਹੈ ਕਿ ਇਹ ਵੋਟ ਸੁੱਤੀ ਰਹੇ ਤਾਂ ਹੀ ਉਹਨਾਂ ਦੀ ਦਾਲ਼ ਗਲ਼ੇਗੀ। ਏਨੇ ਕੁ ਫਿਕਰਮੰਦ ਹਾਂ ਅਸੀਂ ਸਾਡੇ ਭਵਿੱਖ ਲਈ। ਇਸ ਸ਼ਹਿਰ ਨੂੰ ਬਿਹਤਰ ਬਣਾਉਣ ਲਈ ਅਸੀਂ ਏਨਾ ਯੋਗਦਾਨ ਪਾ ਰਹੇ ਹਾਂ!
ਅਸੀਂ ਇਹ ਵੀ ਨਹੀਂ ਸਮਝਦੇ ਕਿ ਸਿਰਫ ਜਿਉਂਦਾ ਵਿਅਕਤੀ ਹੀ ਵੋਟ ਪਾ ਸਕਦਾ ਹੈ। ਮਰੇ ਬੰਦੇ ਦੀ ਤਾਂ ਵੋਟ ਹੀ ਖ਼ਤਮ ਹੋ ਜਾਂਦੀ ਹੈ। ਕੀ ਅਸੀਂ ਆਪਣੇ ਆਪ ਨੂੰ ਜਿਉਂਦੇ ਜੀਅ ਮਾਰ ਲਿਆ ਹੈ? ਪ੍ਰਮਾਤਮਾ ਨੇ ਮਨੁੱਖੀ ਜ਼ਿੰਦਗੀ ਬਖ਼ਸ਼ ਕੇ ਵਧੀਆ ਸਮਾਜ ਤੋਂ ਬਾਅਦ ਵਧੀਆ ਮੁਲਕ ਵਿੱਚ ਵੀ ਭੇਜ ਦਿੱਤਾ ਹੈ।ਹੁਣ ਜੇਕਰ ਏਥੇ ਆ ਕੇ ਵੀ ਅਸੀਂ ਸੁੱਤੇ ਹੀ ਰਹਿਣਾ ਹੈ, ਅਹਿਮ ਜ਼ਿੰਮੇਵਾਰੀ ਤੋਂ ਭੱਜਦੇ ਰਹਿਣਾ ਹੈ ਤਾਂ ਫਿਰ ਅਜਿਹੀ ਜ਼ਿੰਦਗੀ ਦਾ ਕੀ ਫਾਇਦਾ।
22 ਅਕਤੂਬਰ ਨੂੰ ਸਾਡੀ ਜ਼ਿੰਮੇਵਾਰੀ ਇਹ ਬਣਦੀ ਹੈ ਕਿ ਅਸੀਂ 20 ਮਿੰਟ ਕੱਢੀਏ ਅਤੇ ਸਾਡੀ ਆਉਣ ਵਾਲੀ ਪੀੜ੍ਹੀ ਦੇ ਭਵਿੱਖ ਨੂੰ ਸਹੀ ਅਤੇ ਯੋਗ ਹੱਥਾਂ ਵਿੱਚ ਦੇਈਏ। ਬਰੈਂਪਟਨ ਨੂੰ ਤੰਦਰੁਸਤੀ ਮਿਲੇਗੀ। ਬਰੈਂਪਟਨ ਦੀ ਤੰਦਰੁਸਤੀ ਹੀ ਸਾਡੀ ਤੰਦਰੁਸਤੀ ਬਣੇਗੀ। ਸਾਡੇ ਭਾਈਚਾਰੇ ਨੂੰ ਸ਼ਾਬਾਸ਼ ਮਿਲੇਗੀ। ਬਰੈਂਪਟਨ ਨੂੰ ਨਾਮੂਨੇ ਦਾ ਸ਼ਹਿਰ ਬਣਾਉਣ ਲਈ ਅਸੀਂ ਆਪਣੇ ਆਪ ਦੇ ਧੰਨਵਾਦੀ ਹੋਵਾਂਗੇ।ਪੂਰੇ ਮੁਲਕ ਹੀ ਨਹੀਂ ਬਲਕਿ ਪੂਰੀ ਦੁਨੀਆਂ ਵਿੱਚ ਸਾਡਾ ਨਾਮ ਬਣੇਗਾ। ਸਾਡੀ ਸਿਆਸੀ ਸ਼ਕਤੀ ਹੋਰ ਵਧੇਗੀ। 
ਬਰੈਂਪਟਨ ਸ਼ਹਿਰ ਨੂੰ ਅਸੀਂ ਗੋਦ ਲਿਆ ਹੈ। ਗੋਦ ਲਏ ਇਸ ਸ਼ਹਿਰ ਦੀ ਸਾਰੀ ਜ਼ਿੰਮੇਵਾਰੀ ਸਾਡੇ ਸਿਰ ਤੇ ਹੈ। ਇਸ ਜ਼ਿੰਮੇਵਾਰੀ ਨੂੰ ਨਿਭਾਉਣ ਦਾ ਮਾਣ ਮਹਿਸੂਸ ਕਰੀਏ ਨਾਂ ਕਿ ਇਸ ਨੂੰ ਆਪਣੀ ਮਜਬੂਰੀ ਸਮਝੀਏ। 
ਜੇਕਰ ਅੱਜ ਅਸੀਂ ਵੋਟ ਨਹੀਂ ਪਾਵਾਂਗੇ ਤਾਂ ਫਿਰ ਸਾਡੇ ਬੱਚੇ ਇਸ ਪੱਖੋਂ ਸਾਡੇ ਤੋਂ ਵੀ ਵੱਧ ਆਲਸੀ ਹੋ ਜਾਣਗੇ। ਅੱਜ ਅਸੀਂ ਵੋਟ ਪਾਵਾਂਗੇ, ਇਸ ਦੀ ਅਹਿਮੀਅਤ ਬਾਰੇ ਅੱਜ ਉਹਨਾਂ ਨੂੰ ਦੱਸਾਂਗੇ ਤਾਂ ਹੀ ਇਹ ਸਿਲਸਿਲਾ ਅੱਗੇ ਚੱਲੇਗਾ। ਜਿੰਨ੍ਹਾਂ ਦੇ ਬੱਚੇ 18 ਸਾਲ ਪਾਰ ਕਰ ਚੁੱਕੇ ਹਨ ਉਹਨਾਂ ਨੂੰ ਨਾਲ਼ ਲਿਜਾਈਏ ਅਤੇ ਵੋਟ ਪਵਾਈਏ। ਸਕੂਲਾਂ ਵਿੱਚ ਤਾਂ ਲੋਕਤੰਤਰ ਬਾਰੇ ਪੜ੍ਹਾਇਆ ਜਾਂਦਾ ਹੀ ਹੈ, ਨਾਲ਼ ਦੀ ਨਾਲ਼ ਘਰ ਵਿੱਚ ਵੀ ਇਸ ਬਾਰੇ ਚਰਚਾ ਕਰਨੀ ਚਾਹੀਦੀ ਹੈ। ਹਰ ਰੋਜ਼ ਨਹੀਂ ਤਾਂ ਘੱਟੋ-ਘੱਟ ਚੋਣਾਂ ਦੇ ਦਿਨਾਂ ਵਿੱਚ ਜ਼ਰੂਰ ਬਚਿਆਂ ਨਾਲ਼ ਇਸ ਲੋਕਤੰਤਰੀ ਢਾਂਚ ਬਾਰੇ ਗੱਲ ਕਰੀਏ। ਚਰਚਾ ਰਾਹੀਂ ਹੀ ਅਸੀਂ ਉਹਨਾਂ ਨੂੰ ਇਸ ਪਾਸੇ ਵੱਲ ਲਿਜਾ ਸਕਾਂਗੇ।
ਸਾਨੂੰ ਪਤਾ ਹੈ ਕਿ ਇਸ ਤੋਂ ਬਿਨਾਂ ਸਾਡਾ ਗੁਜ਼ਾਰਾ ਨਹੀਂ ਹੈ। ਲੋਕਤੰਤਰਿਕ ਤਰੀਕੇ ਨਾਲ਼ ਚੁਣੇ ਹੋਏ ਨੁਮਾਇੰਦੇ ਹੀ ਢਾਂਚੇ ਦੀ ਉਸਾਰੀ ਕਰਦੇ ਹਨ। ਇਹ ਉਹ ਢਾਂਚਾ ਹੈ ਜਿਸ ਤੋਂ ਬਿਨਾਂ ਸਾਡਾ ਗੁਜ਼ਾਰਾ ਨਹੀਂ ਹੈ। ਬੇਸ਼ੱਕ ਅਸੀਂ ਸਿਆਸੀ ਨੇਤਾਵਾਂ ਨੂੰ ਲੱਖ ਗਾਲ਼ਾਂ ਕੱਢੀ ਜਾਈਏ ਪਰ ਆਖ਼ਿਰ ਉਹਨਾਂ ਦਾ ਕੀਤਾ ਹੋਇਆ ਫੈਸਲਾ ਸਾਡੇ ਤੇ ਹਰ ਹਾਲਤ ਵਿੱਚ ਲਾਗੂ ਹੋਣਾ ਹੈ। ਉਹਨਾਂ ਵੱਲੋਂ ਕੀਤੇ ਹੋਏ ਫੈਸਲਿਆਂ ਦਾ ਪ੍ਰਭਾਵ ਦੂਰ ਤੱਕ ਸਾਡੀ ਆਉਣ ਵਾਲੀ ਪੀੜ੍ਹੀ ਤੇ ਰਹਿਣਾ ਹੈ।
ਆਓ 22 ਅਕਤੂਬਰ ਨੂੰ ਉਹਨਾਂ ਨੂੰ ਪਛਾਣੀਏ ਅਤੇ ਪਛਾੜੀਏ ਜਿੰਨ੍ਹਾਂ ਨੇ ਪਿਛਲੇ ਚਾਰ ਸਾਲਾਂ ਵਿੱਚ ਬਰੈਂਪਟਨ ਨੂੰ ਪਿੱਛੇ ਵੱਲ ਧੱਕਿਆ ਹੈ। ਜੇਕਰ ਇਸ ਵਾਰ ਵੀ ਉਹ ਕਾਮਯਾਬ ਹੋ ਜਾਂਦੇ ਹਨ ਤਾਂ ਇਸ ਦਾ ਮਤਲਬ ਹੋਵੇਗਾ ਕਿ ਉਹ ਜੋ ਕਰ ਰਹੇ ਹਨ ਸਹੀ ਹੈ। ਅਸੀਂ ਬਿੱਲੀ ਨੂੰ ਵੇਖ ਕਬੂਤਰ ਵਾਲੀਆਂ ਅੱਖਾਂ ਮੀਟਣ ਵਿੱਚ ਹੀ ਵਿਸ਼ਵਾਸ ਰੱਖਦੇ ਹਾਂ। 22 ਅਕਤੂਬਰ ਨੂੰ ਕੇਵਲ 22 ਮਿੰਟ ਜੇਕਰ ਆਪਣੇ ਘਰ, ਆਪਣੇ ਵਿਹੜੇ, ਆਪਣੇ ਬੱਚਿਆਂ ਜੋ ਸਾਰੇ ਇਸ ਸ਼ਹਿਰ ਬਰੈਂਪਟਨ ਵਿੱਚ ਹਨ ਨੂੰ ਨਹੀਂ ਦੇ ਸਕਦੇ ਤਾਂ ਫਿਰ ਸਮਝ ਲੈਣਾ ਕਿ ਤੁਸੀਂ ਆਪਣੇ ਹੀ ਘਰ ਆਪਣਿਆਂ ਲਈ ਖੂਹ ਪੁੱਟਣ ਦੀ ਤਿਆਰੀ ਆਰੰਭ ਦਿੱਤੀ ਹੈ।