ਦੁਬਈ, 31 ਜੁਲਾਈ
ਭਾਰਤੀ ਕਪਤਾਨ ਵਿਰਾਟ ਕੋਹਲੀ ਬੁੱਧਵਾਰ ਤੋਂ ਇੰਗਲੈਂਡ ਖ਼ਿਲਾਫ਼ ਸ਼ੁਰੂ ਹੋ ਰਹੀ ਪੰਜ ਟੈਸਟ ਮੈਚਾਂ ਦੀ ਲੜੀ ਦੌਰਾਨ ਆਈਸੀਸੀ ਟੈਸਟ ਰੈਂਕਿੰਗ ਵਿੱਚ ਆਸਟਰੇਲੀਆ ਦੇ ਸਟੀਵ ਸਮਿੱਥ ਨੂੰ ਪਛਾੜ ਕੇ ਚੋਟੀ ’ਤੇ ਕਾਬਜ਼ ਹੋ ਸਕਦਾ ਹੈ। ਗੇਂਦ ਨਾਲ ਛੇੜਛਾੜ ਮਾਮਲੇ ਵਿੱਚ 12 ਮਹੀਨਿਆਂ ਦੀ ਪਾਬੰਦੀ ਝੱਲ ਰਹੇ ਸਮਿੱਥ ਤੋਂ ਕੋਹਲੀ 26 ਅੰਕ ਪਿੱਛੇ ਹੈ। ਉਸ ਨੂੰ ਸਮਿੱਥ ਨੂੰ ਪਛਾੜਨ ਲਈ ਇੰਗਲੈਂਡ ਖ਼ਿਲਾਫ਼ ਬਿਹਤਰੀਨ ਪ੍ਰਦਰਸ਼ਨ ਕਰਨਾ ਹੋਵੇਗਾ। ਬੱਲੇਬਾਜ਼ੀ ਵਿੱਚ ਇੰਗਲੈਂਡ ਅਤੇ ਭਾਰਤ ਦੋਵਾਂ ਦੇ ਪੰਜ-ਪੰਜ ਬੱਲੇਬਾਜ਼ ਚੋਟੀ ਦੇ 50 ਵਿੱਚ ਸ਼ਾਮਲ ਹਨ। ਭਾਰਤ ਦਾ ਚੇਤੇਸ਼ਵਰ ਪੁਜਾਰਾ ਛੇਵੇਂ, ਲੋਕੇਸ਼ ਰਾਹੁਲ 18ਵੇਂ, ਅਜਿੰਕਿਆ ਰਹਾਣੇ 19ਵੇਂ, ਮੁਰਲੀ ਵਿਜੇ 23ਵੇਂ ਅਤੇ ਸ਼ਿਖਰ ਧਵਨ 24ਵੇਂ ਸਥਾਨ ’ਤੇ ਹੈ। ਉਥੇ ਇੰਗਲੈਂਡ ਦਾ ਜੋਅ ਰੂਟ ਤੀਜੇ, ਅਲਸਟੇਅਰ ਕੁੱਕ 13ਵੇਂ, ਜੌਨੀ ਬੇਅਰਸਟਾਅ 16ਵੇਂ, ਬੈਨ ਸਟੌਕਸ 28ਵੇਂ ਅਤੇ ਮੋਈਨ ਅਲੀ 43ਵੇਂ ਸਥਾਨ ’ਤੇ ਹੈ।
ਗੇਂਦਬਾਜ਼ਾਂ ਵਿੱਚ ਇੰਗਲੈਂਡ ਦਾ ਤੇਜ਼ ਗੇਂਦਬਾਜ਼ ਜੇਮਜ਼ ਐਂਡਰਸਨ ਨੰਬਰ ਇੱਕ ਦੀ ਰੈਂਕਿੰਗ ਬਰਕਰਾਰ ਰੱਖਣ ਦਾ ਯਤਨ ਕਰੇਗਾ। ਸਟੂਅਰਟ ਬਰਾਡ 12ਵੇਂ ਸਥਾਨ ’ਤੇ ਹੈ। ਦੂਜੇ ਪਾਸੇ ਭਾਰਤ ਦੇ ਛੇ ਗੇਂਦਬਾਜ਼ ਚੋਟੀ ਦੇ 30 ਵਿੱਚ ਸ਼ਾਮਲ ਹਨ। ਰਵਿੰਦਰ ਜਡੇਜਾ ਤੀਜੇ, ਆਰ ਅਸ਼ਵਿਨ ਪੰਜਵੇਂ, ਮੁਹੰਮਦ ਸ਼ਮੀ 17ਵੇਂ, ਭੁਵਨੇਸ਼ਵਰ ਕੁਮਾਰ 25ਵੇਂ, ਇਸ਼ਾਂਤ ਸ਼ਰਮਾ 26ਵੇਂ ਅਤੇ ਉਮੇਸ਼ ਯਾਦਵ 28ਵੇਂ ਸਥਾਨ ’ਤੇ ਹਨ।
ਭਾਰਤ ਦਾ ਖੱਬੇ ਹੱਥ ਦਾ ਸਪਿੱਨਰ ਕੁਲਦੀਪ ਯਾਦਵ 56ਵੇਂ ਸਥਾਨ ’ਤੇ ਹੈ। ਆਈਸੀਸੀ ਟੈਸਟ ਟੀਮ ਦੀ ਰੈਂਕਿੰਗਜ਼ ਵਿੱਚ ਇੰਗਲੈਂਡ ਪੰਜਵੇਂ ਸਥਾਨ ’ਤੇ ਹੈ ਅਤੇ ਉਹ ਇਸ ਵਿੱਚ ਸੁਧਾਰ ਕਰਨਾ ਚਾਹੇਗਾ। ਜੇਕਰ ਇੰਗਲੈਂਡ ਦੀ ਟੀਮ 5-0 ਨਾਲ ਜਿੱਤਦੀ ਹੈ ਤਾਂ ਉਸ ਦੇ ਦਸ ਅੰਕ ਵਧ ਜਾਣਗੇ। ਅਜਿਹੇ ਵਿੱਚ ਭਾਰਤ ਅਤੇ ਉਸ ਵਿਚਾਲੇ ਅੰਕਾਂ ਦਾ ਫ਼ਰਕ 28 ਤੋਂ ਘੱਟ ਸਿਰਫ਼ ਪੰਜ ਅੰਕ ਦਾ ਰਹਿ ਜਾਵੇਗਾ। ਜੇਕਰ ਭਾਰਤ 5-0 ਨਾਲ ਲੜੀ ਜਿੱਤਦਾ ਹੈ ਤਾਂ ਉਸ ਦੇ 129 ਅੰਕ ਹੋ ਜਾਣਗੇ ਅਤੇ ਇੰਗਲੈਂਡ 94 ਅੰਕ ਨਾਲ ਛੇਵੇਂ ਸਥਾਨ ’ਤੇ ਆ ਜਾਵੇਗਾ।