ਨਵੀਂ ਦਿੱਲੀ, 7 ਫਰਵਰੀ

ਕੇਂਦਰ ਸਰਕਾਰ ਨੇ ਸੋਮਵਾਰ ਨੂੰ ਸੁਪਰੀਮ ਕੋਰਟ ਨੂੰ ਦੱਸਿਆ ਕਿ ਕਰੋਨਾ ਵੈਕਸੀਨ ਲਈ ‘ਕੋਵਿਨ’ ਪੋਰਟਲ ’ਤੇ ਰਜਿਸਟਰੇਸ਼ਨ ਲਈ ਆਧਾਰ ਕਾਰਡ ਜ਼ਰੂਰੀ ਨਹੀਂ ਹੈ। ਜਸਟਿਸ ਡੀ ਵਾਈ ਚੰਦਰਚੂੜ ਅਤੇ ਜਸਟਿਸ ਸੂਰਿਆਕਾਂਤ ਦੀ ਬੈਂਚ ਨੂੰ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਨੇ ਦੱਸਿਆ ਕਿ ਟੀਕਾਕਰਨ ਲਈ ਪਾਸਪੋਰਟ, ਡਰਾਈਵਿੰਗ ਲਾਇਸੈਂਸ, ਪੈਨ ਕਾਰਡ, ਵੋਟਰ ਕਾਰਡ, ਰਾਸ਼ਨ ਕਾਰਡ ਸਮੇਤ 9 ਪਛਾਣ ਪੱਤਰਾਂ ਵਿੱਚੋਂ ਇਕ ਹੀ ਹੋਣਾ ਚਾਹੀਦਾ ਹੈ। ਅਦਾਲਤ ਨੇ ਸਰਕਾਰ ਦੀ ਇਸ ਗੱਲ ਨੂੰ ਮੰਨਦਿਆਂ ਸਿਧਾਰਥਸ਼ੰਕਰ ਸ਼ਰਮਾ ਦੀ ਅਪੀਲ ਦਾ ਨਿਬੇੜਾ ਕੀਤਾ। ਪਟੀਸ਼ਨ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਕੋਵਿਨ ਪੋਰਟਲ ’ਤੇ ਕਰੋਨਾ ਵੈਕਸੀਨ ਦੀ ਰਜਿਸਟਰੇਸ਼ਨ ਲਈ ਆਧਾਰ ਨੰਬਰ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਅਦਾਲਤ ਨੇ ਇਸ ਪਟੀਸ਼ਨ ’ਤੇ ਇਕ ਅਕਤੂਬਰ 2021 ਨੂੰ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਸੀ।