ਓਟਵਾ, 4 ਮਾਰਚ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਸਰਕਾਰ ਕੈਨੇਡਾ ਐਮਰਜੰਸੀ ਵੇਜ ਸਬਸਿਡੀ ਅਤੇ ਕੈਨੇਡਾ ਐਮਰਜੰਸੀ ਰੈਂਟ ਸਬਸਿਡੀ ਵਿੱਚ ਇਸ ਸਾਲ ਜੂਨ ਤੱਕ ਵਾਧਾ ਕਰਨ ਜਾ ਰਹੀ ਹੈ। ਉਨ੍ਹਾਂ ਆਖਿਆ ਕਿ ਇਹ ਫੈਸਲਾ ਇਸ ਲਈ ਕੀਤਾ ਗਿਆ ਹੈ ਕਿਉਂਕਿ ਦੇਸ਼ ਅਜੇ ਵੀ ਮਹਾਂਮਾਰੀ ਦੇ ਚੰੁਗਲ ਵਿੱਚੋਂ ਬਾਹਰ ਨਹੀਂ ਆ ਸਕਿਆ ਹੈ।
ਟਰੂਡੋ ਨੇ ਆਖਿਆ ਕਿ ਭਾਵੇਂ ਅਰਥਚਾਰੇ ਵਿੱਚ ਸੁਧਾਰ ਹੋਣ ਦੇ ਸੰਕੇਤ ਮਿਲ ਰਹੇ ਹਨ ਤੇ ਟੀਕਾਕਰਣ ਵੀ ਪੂਰੇ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ ਪਰ ਅਜੇ ਵੀ ਮਦਦ ਦੀ ਲੋੜ ਤਾਂ ਹੈ। ਬੁੱਧਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੂਡੋ ਨੇ ਆਖਿਆ ਕਿ ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਵੇਜ ਤੇ ਰੈਂਟ ਸਬਸਿਡੀਜ਼ ਬਸੰਤ ਤੱਕ ਜਾਰੀ ਰਹਿਣ ਤੇ ਮਦਦ ਲਗਾਤਾਰ ਬਣੀ ਰਹੇ।
ਇਸ ਵੇਜ ਸਬਸਿਡੀ ਤਹਿਤ ਯੋਗ ਇੰਪਲੌਇਰਜ਼ ਨੂੰ 75 ਫੀ ਸਦੀ ਕਵਰੇਜ ਮੁਹੱਈਆ ਕਰਵਾਉਂਦੀ ਹੈ ਜਦਕਿ ਰੈਂਟ ਸਬਸਿਡੀ 65 ਫੀ ਸਦੀ ਹੀ ਰੱਖੀ ਜਾਵੇਗੀ। ਦਿਨੋਂ ਦਿਨ ਮਹਾਂਮਾਰੀ ਕਾਰਨ ਆਉਣ ਵਾਲੀਆਂ ਸਿਹਤ ਸਬੰਧੀ ਨਵੀਆਂ ਗਾਈਡਲਾਈਨਜ਼ ਕਾਰਨ ਸੱਭ ਤੋਂ ਵੱਧ ਨੁਕਸਾਨ ਸਹਿਣ ਵਾਲੇ ਕਾਰੋਬਾਰੀ ਅਦਾਰਿਆਂ ਲਈ ਵੀ 25 ਫੀ ਸਦੀ ਲਾਕਡਾਊਨ ਸਬਸਿਡੀ ਸਰਕਾਰ ਵੱਲੋਂ ਦਿੱਤੀ ਜਾਵੇਗੀ।
ਟਰੂਡੋ ਨੇ ਆਖਿਆ ਕਿ ਇਹ ਸਮਾਂ ਵਰਕਰਜ਼ ਤੇ ਕਾਰੋਬਾਰੀ ਅਦਾਰਿਆਂ ਤੋਂ ਮਦਦ ਵਾਪਿਸ ਲੈਣ ਦਾ ਨਹੀਂ ਹੈ, ਹੁਣ ਤਾਂ ਇੰਜ ਲੱਗ ਰਿਹਾ ਹੈ ਕਿ ਮਹਾਂਮਾਰੀ ਖਿਲਾਫ ਆਖਰੀ ਹੰਭਲਾ ਮਾਰਨ ਦਾ ਸਮਾਂ ਆ ਗਿਆ ਹੈ ਤੇ ਇਸ ਤੋਂ ਬਾਅਦ ਅਰਥਚਾਰਾ ਇੱਕ ਵਾਰੀ ਮੁੜ ਪੈਰਾਂ ਸਿਰ ਹੋ ਜਾਵੇਗਾ। ਡਿਪਟੀ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਆਖਿਆ ਕਿ ਇਸ ਔਖੀ ਘੜੀ ਵਿੱਚ ਜਿੰਨਾਂ ਚਿਰ ਕੈਨੇਡੀਅਨਾਂ ਦੀ ਮਦਦ ਕਰਨੀ ਪਵੇਗੀ ਸਾਡੀ ਸਰਕਾਰ ਕਰਦੀ ਰਹੇਗੀ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਅਸੀਂ ਖੜ੍ਹੇ ਹੋ ਸਕੀਏ।