ਵਾਸ਼ਿੰਗਟਨ, 27 ਫਰਵਰੀ
ਅਮਰੀਕੀ ਮੀਡੀਆ ਰਿਪੋਰਟ ਦੀ ਮੰਨੀਏ ਤਾਂ ਕੋਵਿਡ-19 ਮਹਾਮਾਰੀ ਦਾ ਕਾਰਨ ਬਣਿਆ ਵਾਇਰਸ, ਜਿਸ ਨੇ ਆਲਮੀ ਪੱਧਰ ’ਤੇ 70 ਲੱਖ ਲੋਕਾਂ ਦੀ ਜਾਨ ਲੈ ਲਈ ਸੀ, ਚੀਨ ਦੀ ਇਕ ਲੈਬਾਰਟਰੀ ’ਚੋਂ ਲੀਕ ਹੋਇਆ ਸੀ। ਇਸ ਮੀਡੀਆ ਰਿਪੋਰਟ, ਜਿਸ ਵਿੱਚ ਕਲਾਸੀਫਾਈਡ ਇੰਟੈਲੀਜੈਂਸ ਰਿਪੋਰਟ ਦਾ ਹਵਾਲਾ ਦਿੱਤਾ ਗਿਆ ਹੈ, ਹਾਲ ਹੀ ਵਿੱਚ ਵ੍ਹਾਈਟ ਹਾਊਸ ਤੇ ਕਾਂਗਰਸ ਦੇ ਕੁਝ ਖਾਸ ਮੈਂਬਰਾਂ ਨੂੰ ਮੁਹੱਈਆ ਕਰਵਾਈ ਗਈ ਹੈ। ਕੇਂਦਰੀ ਚੀਨ ਦੇ ਵੁਹਾਨ ਸ਼ਹਿਰ ਦੀ ਹੁਨਾਨ ਮਾਰਕੀਟ ਮਹਾਮਾਰੀ ਦਾ ਕੇਂਦਰ ਸੀ। ਸਾਲ 2019 ਦੇ ਅਖੀਰ ਵਿੱਚ ਸਾਰਸ ਕੋਵ-2 ਵਾਇਰਸ ਵੁਹਾਨ ਵਿੱਚ ਹੋਰਨਾਂ ਟਿਕਾਣਿਆਂ ’ਤੇ ਤੇਜ਼ੀ ਨਾਲ ਫੈਲਿਆ। ਮਹਾਮਾਰੀ ਦੀ ਮੂਲ ਉਤਪਤੀ ਵਾਲਾ ਸਰੋਤ ਅਕਾਦਮੀਸ਼ਨਾਂ, ਇੰਟੈਲੀਜੈਂਸ ਮਾਹਿਰਾਂ ਤੇ ਕਾਨੂੰਨਘਾੜਿਆਂ ਲਈ ਵੱਡੇ ਵਾਦ-ਵਿਵਾਦ ਦਾ ਵਿਸ਼ਾ ਰਿਹਾ ਹੈ।