ਨਵੀਂ ਦਿੱਲੀ, 4 ਅਗਸਤ
ਬੀਸੀਸੀਆਈ ਵੱਲੋਂ ਕੌਮੀ ਕ੍ਰਿਕਟ ਅਕਾਦਮੀ ਦੇ ਮੁਖੀ ਸਾਬਕਾ ਕਪਤਾਨ ਰਾਹੁਲ ਦਰਾਵਿੜ ਤੇ ਹੋਰਾਂ ਦੀ ਸ਼ਮੂਲੀਅਤ ਵਾਲੀ ਕੋਵਿਡ-19 ਟਾਸਕ ਫੋਰਸ ਕਾਇਮ ਕੀਤੀ ਜਾ ਰਹੀ ਹੈ। ਇਹ ਰਾਜ ਕ੍ਰਿਕਟ ਐਸੋਸੀਏਸ਼ਨਾਂ ਨੂੰ ਕ੍ਰਿਕਟ ਮੁੜ ਸ਼ੁਰੂ ਕਰਨ ਬਾਰੇ ਹਦਾਇਤਾਂ ਜਾਰੀ ਕਰੇਗੀ। ਦਰਾਵਿੜ ਨੂੰ ਹੀ ਟਾਸਕ ਫੋਰਸ ਦਾ ਮੁਖੀ ਥਾਪੇ ਜਾਣ ਦੀ ਸੰਭਾਵਨਾ ਹੈ। ਕ੍ਰਿਕਟ ਸਿਖ਼ਲਾਈ ਮੁੜ ਸ਼ੁਰੂ ਕਰਨ ਤੋਂ ਪਹਿਲਾਂ ਖਿਡਾਰੀਆਂ ਨੂੰ ਸਹਿਮਤੀ ਦੇਣੀ ਪਵੇਗੀ। 60 ਸਾਲ ਤੋਂ ਵੱਧ ਉਮਰ ਦੇ ਅਤੇ ਕਿਸੇ ਰੋਗ ਦਾ ਇਲਾਜ ਕਰਵਾ ਰਹੇ ਵਿਅਕਤੀਆਂ ਦੇ ਕੈਂਪ ਦਾ ਹਿੱਸਾ ਬਣਨ ’ਤੇ ਰੋਕ ਲਾਈ ਗਈ ਹੈ। ਐਨਸੀਏ ਬੰਗਲੁਰੂ ਵਿਚ ਸਿਖ਼ਲਾਈ ਮੁੜ ਸ਼ੁਰੂ ਕਰਨ ਲਈ ਟਾਸਕ ਫੋਰਸ ਵਿਚ ਰਾਹੁਲ ਤੋਂ ਇਲਾਵਾ ਇਕ ਮੈਡੀਕਲ ਅਫ਼ਸਰ, ਇਕ ਹਾਈਜੀਨ ਅਧਿਕਾਰੀ ਤੇ ਬੀਸੀਸੀਆਈ ਦੇ ਏਜੀਐਮ ਨੂੰ ਸ਼ਾਮਲ ਕੀਤਾ ਜਾਵੇਗਾ। ਇਨ੍ਹਾਂ ਦੀ ਜ਼ਿੰਮੇਵਾਰੀ ਖਿਡਾਰੀਆਂ ਨਾਲ ਸਪੱਸ਼ਟ ਤਾਲਮੇਲ ਰੱਖਣ ਦੀ ਹੋਵੇਗੀ, ਜੋਖ਼ਮ ਨਾਲ ਨਜਿੱਠਣ ਦੀ ਉਨ੍ਹਾਂ ਨੂੰ ਜਾਣਕਾਰੀ ਵੀ ਇਹ ਦੇਣਗੇ।