ਯੋਏਸ (ਕੋਰੀਆ), 18 ਜੁਲਾਈ
ਭਾਰਤੀ ਦੇ ਤਜਰਬੇਕਾਰ ਬੈਡਮਿੰਟਨ ਖਿਡਾਰੀ ਪੀਵੀ ਸਿੰਧੂ ਅਤੇ ਕਿਦਾਂਬੀ ਸ੍ਰੀਕਾਂਤ ਭਲਕੇ ਮੰਗਲਵਾਰ ਨੂੰ ਇੱਥੇ ਕੋਰੀਆ ਓਪਨ ਸੁਪਰ 500 ਟੂਰਨਾਮੈਂਟ ਵਿੱਚ ਆਪਣੀ ਮੁਹਿੰਮ ਦੀ ਜੇਤੂ ਸ਼ੁਰੂਆਤ ਕਰਦਿਆਂ ਮੌਜੂਦਾ ਸੈਸ਼ਨ ਦਾ ਆਪਣਾ ਪਹਿਲਾ ਖਿਤਾਬ ਜਿੱਤਣਾ ਚਾਹੁਣਗੇ। ਛੇ ਮਹੀਨੇ ਤੋਂ ਵੱਧ ਸਮੇਂ ਤੋਂ ਚੱਲ ਰਹੇ ਇਸ ਸੈਸ਼ਨ ਵਿੱਚ ਸਿੰਧੂ ਨੇ ਕੋਈ ਖਿਤਾਬ ਨਹੀਂ ਜਿੱਤਿਆ। ਉਹ ਜ਼ਖ਼ਮੀ ਹੋਣ ਕਾਰਨ ਪੰਜ ਮਹੀਨੇ ਖੇਡ ਤੋਂ ਦੂਰ ਰਹੀ। ਵਾਪਸੀ ਤੋਂ ਬਾਅਦ ਉਹ ਬਹੁਤੀ ਲੈਅ ਵਿੱਚ ਨਜ਼ਰ ਨਹੀਂ ਆ ਰਹੀ।
ਮੈਡਰਿਡ ਸਪੇਨ ਮਾਸਟਰਜ਼ ਦੇ ਫਾਈਨਲ ਵਿਚ ਪਹੁੰਚਣਾ ਉਸ ਦਾ ਇਸ ਸੀਜ਼ਨ ਦਾ ਸਰਬੋਤਮ ਪ੍ਰਦਰਸ਼ਨ ਹੈ। ਵਿਸ਼ਵ ਦਰਜਾਬੰਦੀ ਵਿੱਚ 12ਵੇਂ ਦਰਜੇ ’ਤੇ ਕਾਇਮ ਇਹ ਖਿਡਾਰਨ ਕੋਰੀਆ ਓਪਨ ਵਿੱਚ ਚੀਨੀ ਤਾਇਪੇ ਦੀ ਪਾਈ ਯੂ ਪੋ ਖ਼ਿਲਾਫ਼ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ। ਇਸੇ ਤਰ੍ਹਾਂ ਸਾਬਕਾ ਵਿਸ਼ਵ ਚੈਂਪੀਅਨਸ਼ਿਪ (2021) ਵਿੱਚ ਕਾਂਸੀ ਦਾ ਤਗਮਾ ਜੇਤੂ ਸ੍ਰੀਕਾਂਤ ਵੀ ਇਸ ਸੀਜ਼ਨ ਵਿੱਚ ਲੈਅ ’ਚ ਨਜ਼ਰ ਨਹੀਂ ਆਇਆ। ਉਹ ਜਾਪਾਨੀ ਖਿਡਾਰੀ ਕੇਂਟੋ ਮੋਮੋਟਾ ਖ਼ਿਲਾਫ਼ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗਾ। ਜਿੱਥੇ ਸਿੰਧੂ ਤੇ ਸ੍ਰੀਕਾਂਤ ਇਸ ਸੀਜ਼ਨ ਦਾ ਆਪਣਾ ਪਹਿਲਾ ਖਿਤਾਬ ਜਿੱਤਣਾ ਚਾਹੁਣਗੇ ਉਥੇ ਹੀ ਲਕਸ਼ੈ ਸੇਨ ਅਤੇ ਐੱਚਐੱਸ ਪ੍ਰਣੌਏ ਦੀਆਂ ਨਜ਼ਰਾਂ ਦੂਜੇ ਖਿਤਾਬ ’ਤੇ ਹੋਣਗੀਆਂ।
ਲਕਸ਼ੈ ਨੇ ਕੈਨੇਡਾ ਜਦਕਿ ਪ੍ਰਣੌਏ ਨੇ ਮਲੇਸ਼ੀਆ ਵਿੱਚ ਖਿਤਾਬ ਜਿੱਤਿਆ ਸੀ। ਦੋਵੇਂ ਇਸ ਲੈਅ ਨੂੰ ਜਾਰੀ ਰੱਖਣ ਦੀ ਕੋਸ਼ਿਸ਼ ਕਰਨਗੇ।