ਕੈਲਗਰੀ— ਕੈਨੇਡਾ ਦੇ ਸ਼ਹਿਰ ਕੈਲਗਰੀ ‘ਚ ਸ਼ਨੀਵਾਰ ਨੂੰ ਇਕ ਸਿਮੀ ਟਰੇਲਰ ਟਰੱਕ ਨਾਲ ਕਈ ਵਾਹਨਾਂ ਦੀ ਟੱਕਰ ਹੋ ਗਈ, ਜਿਸ ਕਾਰਨ 7 ਲੋਕ ਜ਼ਖਮੀ ਹੋ ਗਏ। ਪੁਲਸ ਮੁਤਾਬਕ ਇਹ ਹਾਦਸਾ ਕੈਲਗਰੀ ਦੇ ਡੀਅਰਫੁੱਟ ਟ੍ਰੇਲਰ ‘ਚ ਵਾਪਰਿਆ। ਪੁਲਸ ਨੇ ਕਿਹਾ ਕਿ ਇਕ ਕਾਰ ਦੀ ਸਿਮੀ ਟਰੇਲਰ ਟਰੱਕ ਨਾਲ ਜ਼ਬਰਦਸਤ ਟੱਕਰ ਹੋ ਗਈ, ਜਿਸ ਤੋਂ ਬਾਅਦ ਦੋ ਹੋਰ ਵਾਹਨ ਲਪੇਟ ‘ਚ ਆ ਗਏ।
ਹਾਦਸਾ ਸ਼ਨੀਵਾਰ ਨੂੰ ਦੁਪਹਿਰ 2.00 ਵਜੇ ਦੇ ਕਰੀਬ ਡੀਅਰਫੁੱਟ ਟ੍ਰੇਲਰ ਨੇੜੇ ਗਲੇਨਮੋਰ ਟ੍ਰੇਲਰ ‘ਚ ਵਾਪਰਿਆ। ਮੌਕੇ ‘ਤੇ ਪੁੱਜੇ ਕੈਲਗਰੀ ਐਮਰਜੈਂਸੀ ਅਧਿਕਾਰੀ ਅਤੇ ਪੈਰਾ-ਮੈਡੀਕਲ ਅਧਿਕਾਰੀਆਂ ਨੇ ਜ਼ਖਮੀਆਂ ‘ਚੋਂ 5 ਲੋਕਾਂ ਦਾ ਘਟਨਾ ਵਾਲੀ ਥਾਂ ‘ਤੇ ਇਲਾਜ ਕੀਤਾ ਅਤੇ 2 ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿਨ੍ਹਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਟਰੱਕ ਅਤੇ ਕਾਰ ਵਿਚਾਲੇ ਟੱਕਰ ਇੰਨੀ ਕੁ ਜ਼ਬਰਦਸਤ ਸੀ ਕਿ ਕਾਰ ਦਾ ਅਗਲਾ ਹਿੱਸਾ ਨੁਕਸਾਨਿਆ ਗਿਆ। ਹਾਦਸੇ ਤੋਂ ਬਾਅਦ ਰੋਡ ਨੂੰ ਬੰਦ ਕਰ ਦਿੱਤਾ ਗਿਆ ਅਤੇ ਬਚਾਅ ਅਧਿਕਾਰੀਆਂ ਵਲੋਂ ਰਸਤੇ ਨੂੰ ਸਾਫ ਕੀਤਾ ਗਿਆ। ਪੁਲਸ ਨੇ ਕਿਹਾ ਕਿ ਆਵਾਜਾਈ ਲਈ ਇਸ ਨੂੰ ਹੁਣ ਖੋਲ੍ਹ ਦਿੱਤਾ ਗਿਆ ਹੈ।