ਕੈਲਗਰੀ — ਕੈਨੇਡਾ ਦੇ ਸ਼ਹਿਰ ਕੈਲਗਰੀ ਵਿਚ ਭਾਰੀ ਬਰਫਬਾਰੀ ਹੋ ਰਹੀ ਹੈ। ਵੱਡੇ ਪੱਧਰ ‘ਤੇ ਹੋ ਰਹੀ ਬਰਫਬਾਰੀ ਦੇ ਮੱਦੇਨਜ਼ਰ ਕੈਲਗਰੀ ਦੇ ਨਗਰ ਕੌਂਸਲ ਨੇ ਹੰਗਾਮੀ ਯੋਜਨਾ ਲਾਗੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਹਾਲਾਤ ਨਾਲ ਨਜਿੱਠਣ ਲਈ ਨੇੜਲੇ ਸ਼ਹਿਰਾਂ ਤੋਂ ਮਦਦ ਲਈ ਹੈ। ਸਥਾਨਕ ਪ੍ਰਸ਼ਾਸਨ ਨੇ ਸਨੋ ਰੂਟ ਪਾਰਕਿੰਗ ਪਾਬੰਦੀ ਲਾਗੂ ਕਰ ਦਿੱਤੀ ਹੈ। ਮੇਅਰ ਨਹੀਦ ਨੈਨਸੀ ਨੇ ਕਿਹਾ ਹੈ ਕਿ ਬਹੁਤ ਹੀ ਖਾਸ ਮੌਕਿਆਂ ‘ਤੇ ਰਾਜ ਦੇ ਕਿਸੇ ਖਾਸ ਹਿੱਸੇ ਉੱਪਰ ਬਰਫਬਾਰੀ ਕੁਝ ਜ਼ਿਆਦਾ ਹੀ ਮਿਹਰਬਾਨ ਹੋ ਜਾਂਦੀ ਹੈ। ਪੈਦਾ ਹੋਈ ਸਥਿਤੀ ਨਾਲ ਨਜਿੱਠਣ ਲਈ ਅਸੀਂ ਗੁਆਂਢੀ ਸ਼ਹਿਰਾਂ ਦੀ ਮਦਦ ਲੈ ਰਹੇ ਹਾਂ ਜੋ ਬਹੁਤ ਹੀ ਖੁੱਲ੍ਹੇ ਦਿਲ ਨਾਲ ਸਾਡੀ ਮਦਦ ਲਈ ਅੱਗੇ ਆਏ ਹਨ। 

ਕੈਲਗਰੀ ਐਮਰਜੈਂਸੀ ਪ੍ਰਬੰਧਨ ਏਜੰਸੀ ਦੇ ਮੁਖੀ ਟਾਮ ਸੈਂਪਸਨ ਨੇ ਕਿਹਾ ਹੈ ਕਿ ਬੀਤੇ 60 ਸਾਲਾਂ ਵਿਚ ਪਹਿਲੀ ਵਾਰ ਕੈਲਗਰੀ ਵਿਚ ਅਜਿਹੀ ਬਰਫਬਾਰੀ ਦੇਖਣ ਨੂੰ ਮਿਲੀ ਹੈ। ਪਿਛਲੇ 12 ਘੰਟਿਆਂ ਦੌਰਾਨ ਸ਼ਹਿਰ ਵਿਚ 40 ਸੈਂਟੀਮੀਟਰ ਬਰਫਬਾਰੀ ਹੋਈ ਹੈ। ਮੌਸਮ ਵਿਭਾਗ ਨੇ ਹੋਰ ਬਰਫਬਾਰੀ ਹੋਣ ਦੀ ਚਿਤਾਵਨੀ ਦਿੱਤੀ ਹੈ। ਟਾਮ ਸੈਂਪਸਨ ਨੇ ਦੱਸਿਆ ਕਿ ਐਡਮਿੰਟਨ, ਰੈਡ ਡੀਅਰ, ਮੈਡੀਸੀਨ ਹੈਟ ਤੇ ਓਕੋਟੋਕਸ ਸਾਡੀ ਮਦਦ ਲਈ ਅੱਗੇ ਆਏ ਹਨ। ਮੌਸਮ ਵਿਗਿਆਨੀ ਹੀਥਰ ਪਿਮੀਸਕਰਨ ਮੁਤਾਬਕ ਹਾਲੇ ਬਰਫਬਾਰੀ ਜਾਰੀ ਰਹਿਣ ਦੀ ਸੰਭਾਵਨਾ ਹੈ। 

ਇਸ ਦੌਰਾਨ ਵੱਖ-ਵੱਖ ਥਾਵਾਂ ‘ਤੇ ਬਰਫਬਾਰੀ ਕਾਰਨ 200 ਤੋਂ ਵਧ ਛੋਟੇ ਮੋਟੇ ਹਾਦਸੇ ਹੋਣ ਦੀਆਂ ਖਬਰਾਂ ਹਨ। ਜਿਨ੍ਹਾਂ ਵਿਚ ਇਕ ਵਿਅਕਤੀ ਦੇ ਮਾਰੇ ਜਾਣ ਅਤੇ 17 ਲੋਕਾਂ ਦੇ ਜ਼ਖਮੀ ਹੋਣ ਦੀਆਂ ਰਿਪੋਰਟਾਂ ਹਨ। ਪੁਲਸ ਮੁਤਾਬਕ ਸ਼ਹਿਰ ਦੇ ਪੱਛਮੀ ਹਿੱਸੇ ਵਿਚ ਗੱਡੀ ਚਲਾਉਣ ਲਈ ਹਾਲਾਤ ਬਹੁਤ ਮਾੜੇ ਹਨ। ਰਾਸ਼ਟਰੀ ਮਾਰਗ ਉੱਪਰ ਤਾਂ ਪੂਰਾ ਜਾਮ ਲੱਗਾ ਹੋਆ ਹੈ। ਮੌਸਮ ਵਿਭਾਗ ਮੁਤਾਬਕ ਆਉਂਦੇ ਇਕ-ਦੋ ਦਿਨ ਵਿਚ ਹਾਲਾਤ ਸੁਧਰਨ ਦੇ ਆਸਾਰ ਹਨ।