ਲੁਧਿਆਣਾ: ਖੰਨਾ ਵਿੱਚ ਪੰਜਾਬ ਸਰਕਾਰ ਵੱਲੋਂ ਬੇਟੀ ਬਚਾਓ ਬੇਟੀ ਪੜ੍ਹਾਓ ਸਕੀਮ ਤਹਿਤ ਔਰਤਾਂ ਦੇ ਸਰਵਪੱਖੀ ਵਿਕਾਸ ਲਈ ਇੱਕ ਹੋਰ ਸ਼ਲਾਘਾਯੋਗ ਕਦਮ ਚੁੱਕਿਆ ਗਿਆ। ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਵੱਲੋਂ ਰਾਮਗੜੀਆ ਭਵਨ ਖੰਨਾ ਵਿਖੇ ਔਰਤਾਂ ਲਈ ਵਿਸ਼ਾਲ ਰੁਜ਼ਗਾਰ ਅਤੇ ਮੁਫ਼ਤ ਸਿਹਤ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮਹੱਤਵਪੂਰਨ ਕੈਂਪ ਵਿੱਚ ਖੰਨਾ ਤੋਂ ਵਿਧਾਇਕ ਅਤੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਕੇ ਪੰਜਾਬ ਸਰਕਾਰ ਦੀ ਲੋਕ-ਹਿਤੈਸ਼ੀ ਸੋਚ ਨੂੰ ਜ਼ਮੀਨੀ ਪੱਧਰ ‘ਤੇ ਲਾਗੂ ਕਰਨ ਦਾ ਸਪਸ਼ਟ ਸੰਦੇਸ਼ ਦਿੱਤਾ।
ਇਹ ਕੈਂਪ ਡਿਪਟੀ ਕਮਿਸ਼ਨਰ ਲੁਧਿਆਣਾ ਹਿਮਾਂਸ਼ੂ ਜੈਨ ਦੀ ਰਹਿਨੁਮਾਈ ਹੇਠ ਵੱਖ-ਵੱਖ ਸਰਕਾਰੀ ਅਤੇ ਅਰਧ-ਸਰਕਾਰੀ ਵਿਭਾਗਾਂ ਦੇ ਸਹਿਯੋਗ ਨਾਲ ਲਗਾਇਆ ਗਿਆ। ਇਸ ਦਾ ਮੁੱਖ ਮਕਸਦ ਔਰਤਾਂ ਨੂੰ ਰੁਜ਼ਗਾਰ ਦੇ ਨਵੇਂ ਮੌਕੇ ਪ੍ਰਦਾਨ ਕਰਨਾ, ਉਨ੍ਹਾਂ ਦੀ ਸਿਹਤ ਸੰਭਾਲ ਯਕੀਨੀ ਬਣਾਉਣਾ ਅਤੇ ਉਨ੍ਹਾਂ ਨੂੰ ਆਤਮਨਿਰਭਰ ਬਣਾਉਣਾ ਸੀ।
ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਔਰਤਾਂ ਦੇ ਸਸ਼ਕਤੀਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਬੇਟੀ ਬਚਾਓ ਬੇਟੀ ਪੜ੍ਹਾਓ ਸਿਰਫ਼ ਇੱਕ ਨਾਅਰਾ ਨਹੀਂ, ਸਗੋਂ ਇੱਕ ਵੱਡੀ ਸੋਚ ਅਤੇ ਸਮਾਜਕ ਬਦਲਾਅ ਦੀ ਮੁਹਿੰਮ ਹੈ, ਜਿਸ ਤਹਿਤ ਔਰਤਾਂ ਨੂੰ ਸਿੱਖਿਆ, ਸਿਹਤ ਅਤੇ ਰੁਜ਼ਗਾਰ ਦੇ ਹਰ ਖੇਤਰ ਵਿੱਚ ਅੱਗੇ ਵਧਣ ਦੇ ਬਰਾਬਰ ਮੌਕੇ ਦਿੱਤੇ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਰਾਜ ਦੇ ਸਾਰੇ ਜ਼ਿਲ੍ਹਿਆਂ ਵਿੱਚ ਇਸ ਤਰ੍ਹਾਂ ਦੇ ਕੈਂਪ ਲਗਾਤਾਰ ਲਗਾਏ ਜਾ ਰਹੇ ਹਨ, ਤਾਂ ਜੋ ਹਰ ਔਰਤ ਤੱਕ ਸਰਕਾਰੀ ਸਕੀਮਾਂ ਦਾ ਲਾਭ ਪਹੁੰਚ ਸਕੇ। ਉਨ੍ਹਾਂ ਕਿਹਾ ਕਿ ਔਰਤਾਂ ਨੂੰ ਸਿਹਤਮੰਦ ਅਤੇ ਆਤਮਨਿਰਭਰ ਬਣਾਉਣਾ ਇੱਕ ਮਜ਼ਬੂਤ ਅਤੇ ਤਰੱਕੀਸ਼ੀਲ ਸਮਾਜ ਦੀ ਨੀਂਹ ਹੈ।
ਕੈਂਪ ਦੌਰਾਨ 25 ਤੋਂ ਵੱਧ ਪ੍ਰਾਈਵੇਟ ਅਤੇ ਅਰਧ-ਸਰਕਾਰੀ ਕੰਪਨੀਆਂ ਵੱਲੋਂ ਆਪਣੇ-ਆਪਣੇ ਬੂਥ ਲਗਾਏ ਗਏ। ਜ਼ਿਲ੍ਹਾ ਲੁਧਿਆਣਾ ਦੇ ਵੱਖ-ਵੱਖ ਕਾਲਜਾਂ ਤੋਂ 697 ਵਿਦਿਆਰਥਣਾਂ ਅਤੇ ਔਰਤਾਂ ਨੇ ਮੌਕੇ ‘ਤੇ ਇੰਟਰਵਿਊ ਦਿੱਤੇ। ਉਨ੍ਹਾਂ ਦੀ ਯੋਗਤਾ, ਹੁਨਰ ਅਤੇ ਵਿਦਿਅਕ ਕਾਬਲੀਅਤ ਦੇ ਅਧਾਰ ‘ਤੇ 195 ਔਰਤਾਂ ਨੂੰ ਰੁਜ਼ਗਾਰ ਲਈ ਚੁਣਿਆ ਗਿਆ, ਜਦਕਿ ਲਗਭਗ 50 ਔਰਤਾਂ ਨੂੰ ਮੌਕੇ ‘ਤੇ ਹੀ ਜਾਬ ਲੈਟਰ ਜਾਰੀ ਕੀਤੇ ਗਏ। ਇਹ ਅੰਕੜੇ ਇਸ ਗੱਲ ਦਾ ਸਬੂਤ ਹਨ ਕਿ ਪੰਜਾਬ ਸਰਕਾਰ ਦੇ ਉਪਰਾਲੇ ਸਿਰਫ਼ ਕਾਗਜ਼ਾਂ ਤੱਕ ਸੀਮਿਤ ਨਹੀਂ, ਸਗੋਂ ਜ਼ਮੀਨੀ ਪੱਧਰ ‘ਤੇ ਵੱਡੇ ਨਤੀਜੇ ਦੇ ਰਹੇ ਹਨ।
ਇਸੇ ਤਰ੍ਹਾਂ ਸਿਹਤ ਕੈਂਪ ਦੌਰਾਨ ਤਜਰਬੇਕਾਰ ਡਾਕਟਰਾਂ ਦੀਆਂ ਟੀਮਾਂ ਵੱਲੋਂ 341 ਮਰੀਜ਼ਾਂ ਦਾ ਮੁਫ਼ਤ ਮੈਡੀਕਲ ਚੈਕਅੱਪ ਕੀਤਾ ਗਿਆ। ਇਸ ਵਿੱਚ ਬਲੱਡ ਪ੍ਰੈਸ਼ਰ, ਸ਼ੂਗਰ, ਹਿਮੋਗਲੋਬਿਨ, ਦਿਲ ਦੀ ਜਾਂਚ ਅਤੇ ਹੋਰ ਆਮ ਬਿਮਾਰੀਆਂ ਦੀ ਸਕ੍ਰੀਨਿੰਗ ਕੀਤੀ ਗਈ। ਲੋੜੀਂਦੀ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ ਅਤੇ ਮਹਿਲਾਵਾਂ ਨੂੰ ਸਿਹਤ ਸੰਬੰਧੀ ਜ਼ਰੂਰੀ ਸਲਾਹ ਵੀ ਪ੍ਰਦਾਨ ਕੀਤੀ ਗਈ। ਮੰਤਰੀ ਸੌਂਦ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਸਰਕਾਰ ਦੀ ਸਿਹਤ ਕ੍ਰਾਂਤੀ ਦਾ ਮਕਸਦ ਹਰ ਨਾਗਰਿਕ ਤੱਕ ਮਿਆਰੀ ਅਤੇ ਮੁਫ਼ਤ ਸਿਹਤ ਸੇਵਾਵਾਂ ਪਹੁੰਚਾਉਣਾ ਹੈ।
ਕੈਂਪ ਵਿੱਚ ਸਖੀ ਵਨ ਸਟਾਪ ਸੈਂਟਰ ਲੁਧਿਆਣਾ ਵੱਲੋਂ ਵੀ ਇੱਕ ਵਿਸ਼ੇਸ਼ ਜਾਗਰੂਕਤਾ ਸਟਾਲ ਲਗਾਈ ਗਈ, ਜਿੱਥੇ ਔਰਤਾਂ ਨੂੰ ਉਨ੍ਹਾਂ ਦੇ ਕਾਨੂੰਨੀ ਹੱਕਾਂ, ਸੁਰੱਖਿਆ ਸੇਵਾਵਾਂ ਅਤੇ ਸਰਕਾਰੀ ਮਦਦ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਕੈਬਨਿਟ ਮੰਤਰੀ ਨੇ ਸਖੀ ਵਨ ਸਟਾਪ ਸੈਂਟਰ ਵੱਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਸੇਵਾਵਾਂ ਦੀ ਖੁੱਲ੍ਹ ਕੇ ਸ਼ਲਾਘਾ ਕੀਤੀ ਅਤੇ ਔਰਤਾਂ ਨੂੰ ਇਨ੍ਹਾਂ ਸਹੂਲਤਾਂ ਦਾ ਪੂਰਾ ਲਾਭ ਲੈਣ ਦੀ ਅਪੀਲ ਕੀਤੀ।
ਸੌਂਦ ਨੇ ਕਿਹਾ ਕਿ ਪੰਜਾਬ ਸਰਕਾਰ ਔਰਤਾਂ ਦੇ ਸਰਵਪੱਖੀ ਵਿਕਾਸ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਸ ਤਰ੍ਹਾਂ ਦੇ ਹੋਰ ਵੀ ਵੱਡੇ ਉਪਰਾਲੇ ਕੀਤੇ ਜਾਣਗੇ। ਖੰਨਾ ਵਿੱਚ ਲੱਗਿਆ ਇਹ ਕੈਂਪ ਪੰਜਾਬ ਸਰਕਾਰ ਦੀ ਲੋਕ-ਹਿਤੈਸ਼ੀ ਨੀਤੀਆਂ ਦਾ ਜਿਉਂਦਾ ਜਾਗਦਾ ਉਦਾਹਰਨ ਹੈ, ਜੋ ਸਿੱਖਿਆ ਕ੍ਰਾਂਤੀ, ਸਿਹਤ ਕ੍ਰਾਂਤੀ ਅਤੇ ਰੁਜ਼ਗਾਰ ਸਿਰਜਣਾ ਦੇ ਮਜ਼ਬੂਤ ਸੰਕਲਪ ਨੂੰ ਦਰਸਾਉਂਦਾ ਹੈ।
