-ਕਿਹਾ, ਕੋਰੋਨਾ ਸੰਕਟ ਦੌਰਾਨ ਵਿਦਿਆਰਥੀਆਂ ਲਈ ਲਾਭਦਾਇਕ ਸਿੱਧ ਹੋਵੇਗਾ ਸਮਾਰਟ ਫੋਨ
ਹੁਸ਼ਿਆਰਪੁਰ, 5 ਅਕਤੂਬਰ :
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸ਼ੁਰੂ ਕੀਤੀ ਗਈ ਪੰਜਾਬ ਸਮਾਰਟ ਕਨੈਕਸ਼ਨ ਸਕੀਮ ਤਹਿਤ ਉਦਯੋਗ ਤੇ ਵਣਜ ਮੰਤਰੀ ਪੰਜਾਬ ਸ਼੍ਰੀ ਸੁੰਦਰ ਸ਼ਾਮ ਅਰੋੜਾ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਵਾਸਪੁਰ ਹੀਰਾਂ ਦੇ ਵਿਦਿਆਰਥੀਆਂ ਨੂੰ ਮੋਬਾਇਲ ਫੋਨ ਵੰਡੇ ਅਤੇ ਬੱਚਿਆਂ ਨੂੰ ਮਨ ਲਗਾ ਕੇ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ।
ਸਕੂਲ ਦੇ 12ਵੀਂ ਜਮਾਤ ਦੇ 56 ਵਿਦਿਆਰਥੀਆਂ ਨੂੰ ਮੋਬਾਇਲ ਫੋਨ ਦਿੰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਵਿਦਿਆਰਥੀਆਂ ਨਾਲ ਸਮਾਰਟ ਫੋਨ ਦੇਣ ਦਾ ਕੀਤਾ ਵਾਅਦਾ ਪੂਰਾ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਸਮਾਰਟ ਫੋਨ ਮੌਜੂਦਾ ਕੋਰੋਨਾ ਸੰਕਟ ਦੌਰਾਨ ਵਿਦਿਆਰਥੀਆਂ ਲਈ ਵਰਦਾਨ ਸਾਬਤ ਹੋਵੇਗਾ ਕਿਉਂਕਿ ਕੋਵਿਡ-19 ਦੇ ਚੱਲਦਿਆਂ ਲਗਾਈਆਂ ਗਈਆਂ ਪਾਬੰਦੀਆਂ ਦੇ ਮੱਦੇਨਜ਼ਰ ਵਿਦਿਆਰਥੀ ਇਨ੍ਹਾਂ ਸਮਾਰਟ ਫੋਨਾਂ ਦੁਆਰਾ ਆਨਲਾਈਨ ਪੜ੍ਹਾਈ ਕਰ ਸਕਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਮਾਰਟ ਫੋਨਾਂ ਵਿੱਚ ਵਿਦਿਆਰਥੀਆਂ ਦੀ ਆਨਲਾਈਨ ਪੜ੍ਹਾਈ ਮੁਤਾਬਕ ਸਾਰੀਆਂ ਜ਼ਰੂਰੀ ਵਿਸ਼ੇਸ਼ਤਾਵਾਂ ਮੌਜੂਦ ਹਨ ਜੋ ਕਿ  ਉਨ੍ਹਾਂ ਨੂੰ ਘਰ ਬੈਠੇ ਆਪਣੀ ਪੜ੍ਹਾਈ ਕਰਨ ਲਈ ਮਦਦਗਾਰ ਸਾਬਤ ਹੋਣਗੇ।
ਸੁੰਦਰ ਸ਼ਾਮ ਅਰੋੜਾ ਨੇ ਵਿਦਿਆਰਥੀਆਂ ਨੂੰ ਜਿਥੇ ਕੋਰੋਨਾ ਦੇ ਬਚਾਅ ਲਈ ਸਾਵਧਾਨੀਆਂ ਅਪਨਾਉਣ ਲਈ ਪ੍ਰੇਰਿਤ ਕੀਤਾ, ਉਥੇ ਪੜ੍ਹਾਈ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਾ ਛੱਡਣ ਲਈ ਵੀ ਕਿਹਾ। ਉਨ੍ਹਾਂ ਕਿਹਾ ਕਿ ਕੋਰੋਨਾ ਦੇ ਇਸ ਸੰਕਟ ਕਾਲ ਵਿੱਚ ਹਰ ਵਰਗ ਜੂਝ ਰਿਹਾ ਹੈ ਪਰੰਤੂ ਜਲਦ ਹੀ ਇਸ ’ਤੇ ਫਤਿਹ ਹਾਸਲ ਕਰ ਕਰ ਲਈ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਬਾਹਰਵੀਂ ਜਮਾਤ ਤੋਂ ਬਾਅਦ ਗਿਆਰਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵੀ ਇਹ ਸਮਾਰਟ ਫੋਨ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਵਾਸਪੁਰ ਹੀਰਾਂ ਦੇ 38 ਵਿਦਿਆਰਥੀਆਂ ਅਤੇ 18 ਵਿਦਿਆਰਥਣਾਂ ਨੂੰ ਅੱਜ ਫੋਨ ਦਿੱਤੇ ਗਏ ਹਨ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਰਮਨਦੀਪ ਕੌਰ, ਸੁਰਿੰਦਰ ਕੁਮਾਰ ਛਿੰਦਾ, ਕੁਲਵਿੰਦਰ ਸਿੰਘ ਹੁੰਦਲ, ਅਮਰਜੀਤ ਚੌਧਰੀ, ਪ੍ਰੀਤੀ ਸੋਨੀ, ਸੁਖਜੀਤ ਕੌਰ, ਰੀਨਾ, ਅਨੁਪਮ, ਕਮਲਜੀਤ, ਨਰਿੰਦਰ ਪਰਵੀਨ, ਰਾਜ ਕੁਮਾਰ ਵੀ ਮੌਜੂਦ ਸਨ।