ਮਾਨਸਾ 9 ਅਕਤੂਬਰ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਰਾਜਸੀ ਸੱਕਤਰ ਕੈਪਟਨ ਸੰਦੀਪ ਸੰਧੂ ਨੇ ਰਾਜ ਦੀਆਂ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਨੂੰ ਪੱੱਤਰ ਭੇਜਕੇ ਕਿਹਾ ਹੈ ਕਿ ਉਹ ਸੂਬੇ ਵਿਚ ਚੱਲ ਰਹੇ ਖੇਤੀ ਕਾਨੂੰਨਾਂ ਨੂੰ ਲੈਕੇ ਸੰਘਰਸ਼ ਦੌਰਾਨ ਮਾਲ ਗੱਡੀਆਂ ਨੂੰ ਲਾਂਘਾ ਦੇਣ। ਉਨ੍ਹਾਂ ਪੱਤਰ ਵਿੱਚ ਕਿਹਾ ਹੈ ਕਿ ਸਾਉਣੀ ਦੀਆਂ ਫਸਲਾਂ ਦੀ ਕਟਾਈ, ਸਾਂਭ ਸੰਭਾਲ, ਹਾੜੀ ਦੀਆਂ ਫਸਲਾਂ ਦੀ ਬਿਜਾਈ, ਡੀਏਪੀ ਅਤੇ ਯੂਰੀਆ ਖਾਦ ਦੀ ਸਪਲਾਈ, ਬਾਰਦਾਨੇ ਦੀ ਥੁੜ, ਡੀਜ਼ਲ-ਪੈਟਰੋਲ ਨੂੰ ਬਾਹਰੋਂ ਮੰਗਵਾਉਣ, ਤਾਪਘਰਾਂ ਲਈ ਕੋਲਾ ਅਤੇ ਬਾਹਰਲੇ ਰਾਜਾਂ ’ਚੋਂ ਆਉਂਦੇ ਅਨੇਕਾਂ ਤਰ੍ਹਾਂ ਦੇ ਖਾਣ-ਪੀਣ ਵਾਲੇ ਸਾਮਾਨ ਦੀ ਸਪਲਾਈ ਲਈ ਰੇਲ ਰੋਕੋ ਅੰਦੋਲਨ ਦੌਰਾਨ ਮਾਲ ਗੱਡੀਆਂ ਦੀ ਆਵਾਜਾਈ ਬਹਾਲ ਕਰਾਉਣੀ ਯਕੀਨੀ ਬਣਾਈ ਜਾਵੇ। ਉਨ੍ਹਾਂ ਸਾਰੀਆਂ ਜਥੇਬੰਦੀਆਂ ਨੂੰ ਇਹ ਪੱਤਰ ਭੇਜਕੇ ਇਸ ਮਸਲੇ ਵਿੱਚ ਸਾਥ ਦੇਣ ਦੀ ਅਪੀਲ ਕੀਤੀ ਹੈ। ਉਧਰ ਕਿਸਾਨ ਆਗੂ ਬੋਘ ਸਿੰਘ ਨੇ ਇਸ ਪੱਤਰ ਦੀ ਕਾਪੀ ਮਾਨਸਾ ਵਿਖੇ ਪੱਤਰਕਾਰਾਂ ਨੂੰ ਵਿਖਾਉਂਦਿਆਂ ਦੱਸਿਆ ਕਿ ਇਸ ਮਸਲੇ ਉਪਰ 15 ਅਕਤੂਬਰ ਨੂੰ ਚੰਡੀਗੜ੍ਹ ਵਿਖੇ ਕਿਸਾਨ ਭਵਨ ਵਿਚ ਰੱਖੀ ਆਪਣੀ ਮੀਟਿੰਗ ਵਿਚ ਹੀ ਸਾਰੀਆਂ ਧਿਰਾਂ ਸੋਚਕੇ ਹੀ ਕੋਈ ਵਿਚਾਰ ਕਰਨਗੀਆਂ।