ਚੰਡੀਗੜ੍ਹ, 4 ਨਵੰਬਰ
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਵਿਧਾਇਕਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਵਿਰੋਧੀ ਅਤੇ ਡਰਾਮੇਬਾਜ਼ ਕਰਾਰ ਦਿੰਦਿਆਂ ਮੁੱਖ ਮੰਤਰੀ ਖ਼ਿਲਾਫ਼ ਅੱਜ ਚੰਡੀਗੜ੍ਹ ਦੇ ਐੱਮਐੱਲਏ ਹੋਸਟਲ ਵਿੱਚ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਕਿਸਾਨਾਂ ਦੀ ਅਹਿਮ ਮੰਗ ਐੱਮਐੱਸਪੀ ਹੈ ਅਤੇ ਮੁੱਖ ਮੰਤਰੀ ਉਸ ਬਾਰੇ ਕੋਈ ਗੱਲ ਕਰਨ ਦੀ ਥਾਂ ’ਤੇ ਇੱਧਰ-ਉੱਧਰ ਜਾ ਕੇ ਡਰਾਮੇਬਾਜ਼ੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕਿਸਾਨਾਂ ਨੂੰ ਪੂਰੀ ਐੱਮਐੱਸਪੀ ਦੀ ਗਾਰੰਟੀ ਦੇਣ ਜਾਂ ਗੱਦੀ ਛੱਡਣ। ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ’ਚ ਨਾ ਤਾਂ ਮਸਲੇ ਹੱਲ ਕਰਨ ਦੀ ਕਾਬਲੀਅਤ ਹੈ ਅਤੇ ਨਾ ਹੀ ਉਨ੍ਹਾਂ ਦੀ ਨੀਅਤ ਸਾਫ਼ ਨਜ਼ਰ ਆਉਂਦੀ ਹੈ। ਉਨ੍ਹਾਂ ਕਿਹਾ ਕਿ ਚਾਰ ਸਾਲਾਂ ਦੌਰਾਨ ਕੈਪਟਨ ਆਪਣੇ ਫਾਰਮ ਹਾਊਸ ਵਿੱਚੋਂ ਬਾਹਰ ਨਹੀਂ ਨਿਕਲੇ, ਪਰ ਹੁਣ ਰੋਜ਼ ਨਵੇਂ-ਨਵੇਂ ਡਰਾਮੇ ਕਰਕੇ ਕਿਸਾਨਾਂ ਸਮੇਤ ਪੂਰੇ ਪੰਜਾਬ ਨੂੰ ਗੁੰਮਰਾਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਉਹ ਪੰਜਾਬ ਸਰਕਾਰ ਨੂੰ ਨਹੀਂ ਚਲਾ ਸਕਦੇ ਤਾਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ।