ਬਠਿੰਡਾ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਆਖਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਰਜ਼ਾ ਮੁਆਫ਼ੀ ਦੇ ਮਾਮਲੇ ’ਤੇ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾ ਕੇ ਗੇਂਦ ਕੇਂਦਰ ਸਰਕਾਰ ਦੇ ਪਾਲੇ ਵਿੱਚ ਸੁੱਟਣ ਦੇ ਯਤਨਾਂ ਵਿੱਚ ਹਨ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਕੋਲ ਕਰਜ਼ਾ ਮੁਆਫ਼ੀ ਲਈ ਕੋਈ ਵਸੀਲਾ ਨਹੀਂ ਹੈ, ਜਿਸ ਕਰ ਕੇ ਕੈਪਟਨ ਅਮਰਿੰਦਰ ਸਿੰਘ ਆਪਣੇ ਗਲੋਂ ਸੱਪ ਲਾਹ ਕੇ ਕੇਂਦਰ ਦੇ ਗਲ ਪਾਉਣਾ ਚਾਹੁੰਦੇ ਹਨ। ਉਨ੍ਹਾਂ ਆਖਿਆ ਕਿ ਅਮਰਿੰਦਰ ਸਰਕਾਰ ਆਪਣੇ ਬਲਬੂਤੇ ’ਤੇ ਕਰਜ਼ਾ ਮੁਆਫ਼ ਕਰੇ। ਕੇਂਦਰੀ ਮੰਤਰੀ ਨੇ ਅੱਜ ਇੱਥੋਂ ਦੇ ਡਾਕਘਰ ਵਿੱਚ ‘ਪਾਸਪੋਰਟ ਸੇਵਾ ਕੇਂਦਰ’ ਦਾ ਉਦਘਾਟਨ ਕੀਤਾ।
ਹਰਸਿਮਰਤ ਕੌਰ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ’ਤੇ ਨਿਸ਼ਾਨਾ ਸੇਧਦਿਆਂ ਆਖਿਆ ਕਿ ਕਾਂਗਰਸ ਨੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਕਰਜ਼ਾ ਮੁਆਫ਼ੀ ਦੀ ਗੱਲ ਆਖੀ ਸੀ ਤੇ ਕਿਧਰੇ ਵੀ ਕਰਜ਼ਾ ਮੁਆਫ਼ੀ ਲਈ ਕੇਂਦਰ ਦੀ ਮਦਦ ਦਾ ਜ਼ਿਕਰ ਨਹੀਂ ਕੀਤਾ ਸੀ। ਹੁਣ ਕੈਪਟਨ ਕੇਂਦਰ ਸਰਕਾਰ ਕੋਲ ਗੇੜੇ ਮਾਰਨ ਦੀ ਥਾਂ ਆਪਣੇ ਬਲਬੂਤੇ ਕਰਜ਼ਾ ਮੁਆਫ਼ੀ ਦਾ ਵਾਅਦਾ ਪੂਰਾ ਕਰਨ। ਉਨ੍ਹਾਂ ਮੁੱਖ ਮੰਤਰੀ ਦੀ ਨਰਮਾ ਪੱਟੀ ਦੀ ਫੇਰੀ ’ਤੇ ਟਿੱਪਣੀ ਕਰਦੇ ਹੋਏ ਆਖਿਆ ਕਿ ਜਦੋਂ ਗੱਠਜੋੜ ਸਰਕਾਰ ਸਮੇਂ ਚਿੱਟੀ ਮੱਖੀ ਦਾ ਹਮਲਾ ਹੋਇਆ ਸੀ ਤਾਂ ਸਰਕਾਰ ਨੇ ਫੌਰੀ ਕਿਸਾਨਾਂ ਤੇ ਮਜ਼ਦੂਰਾਂ ਦੀ ਮਦਦ ਲਈ 640 ਕਰੋੜ ਰੁਪਏ ਦਾ ਐਲਾਨ ਕੀਤਾ ਅਤੇ ਮੁਆਵਜ਼ਾ ਵੰਡਿਆ। ਕੈਪਟਨ ਅਮਰਿੰਦਰ ਸਿੰਘ ਨੇ ਤਾਂ ਨਰਮਾ ਪੱਟੀ ਦੇ ਦੌਰੇ ਮੌਕੇ ਖ਼ਰਾਬ ਫ਼ਸਲ ਦੀ ਗਿਰਦਾਵਰੀ ਕਰਾਉਣ ਦਾ ਐਲਾਨ ਵੀ ਨਹੀਂ ਕੀਤਾ। ਉਨ੍ਹਾਂ ਆਖਿਆ ਕਿ ਕਾਂਗਰਸ ਸਰਕਾਰ ਦਾ ਗ੍ਰਾਫ਼ ਚਾਰ ਮਹੀਨਿਆਂ ਵਿੱਚ ਹੀ ਹੇਠਾਂ ਆ ਗਿਆ ਹੈ।
ਬੀਬੀ ਬਾਦਲ ਨੇ ਆਖਿਆ ਕਿ ਕੇਂਦਰ ਸਰਕਾਰ ਆਗਾਮੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਬਠਿੰਡਾ ਦੇ ਏਮਜ਼ ਨੂੰ ਚਾਲੂ ਕਰ ਦੇਵੇਗੀ। ਉਨ੍ਹਾਂ ਆਖਿਆ ਕਿ ਮਨਪ੍ਰੀਤ ਸਿੰਘ ਬਾਦਲ ਤੇ ਨਵਜੋਤ ਸਿੰਘ ਸਿੱਧੂ ਹੁਣ ਤੱਕ ਪੰਜਾਬ ਲੁੱਟੇ ਜਾਣ ਦੀ ਦੁਹਾਈ ਪਾਉਂਦੇ ਰਹੇ ਹਨ। ਹੁਣ ਕਾਂਗਰਸ ਸਰਕਾਰ ਬਣੀ ਨੂੰ ਕਈ ਮਹੀਨੇ ਹੋ ਗਏ ਹਨ ਪਰ ਕਾਂਗਰਸ ਕੋਈ ਕੰਮ ਨਹੀਂ ਕਰ ਸਕੀ। ਉਨ੍ਹਾਂ ਵਿੱਤ ਮੰਤਰੀ ’ਤੇ ਨਿਸ਼ਾਨਾ ਸਾਧਦੇ ਹੋਏ ਆਖਿਆ ਕਿ ਹੁਣ ਤਾਂ ਖ਼ਜ਼ਾਨੇ ਦੀ ਚਾਬੀ ਵੀ ਮਨਪ੍ਰੀਤ ਕੋਲ ਹੈ, ਉਹ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਅਤੇ ਲੋਕਾਂ ਦੀਆਂ ਵਿੱਤੀ ਮੁਸ਼ਕਲਾਂ ਦਾ ਹੱਲ ਕਰਨ।
ਉਨ੍ਹਾਂ ਨਵਜੋਤ ਸਿੰਘ ਸਿੱਧੂ ਬਾਰੇ ਆਖਿਆ ਕਿ ਉਹ ਆਪਣੀ ਕਮੀਆਂ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਬਿਆਨਬਾਜ਼ੀ ਕਰ ਰਹੇ ਹਨ। ਇਸ ਮੌਕੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ, ‘ਆਪ’ ਵਿਧਾਇਕ ਰੁਪਿੰਦਰ ਰੂਬੀ, ਸਾਬਕਾ ਵਿਧਾਇਕ ਦਰਸ਼ਨ ਕੋਟਫੱਤਾ, ਨਗਰ ਨਿਗਮ ਦੇ ਮੇਅਰ ਬਲਵੰਤ ਰਾਏ ਨਾਥ, ਸਾਬਕਾ ਮੇਅਰ ਬਲਜੀਤ ਸਿੰਘ ਬੀੜ ਬਹਿਮਣ, ਸੀਨੀਅਰ ਡਿਪਟੀ ਮੇਅਰ ਤਰਸੇਮ ਗੋਇਲ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ ਹਾਜ਼ਰ ਸਨ।