ਜਲੰਧਰ: ਜਲੰਧਰ ਸਥਿਤ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਸੰਯੁਕਤ ਨਿਰਦੇਸ਼ਕ ਰਵੀ ਤਿਵਾੜੀ ਦਾ ਤਬਾਦਲਾ ਚੇਨਈ ਕਰ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ ਕਲੋਜ਼ਰ ਰਿਪੋਰਟ ਲੀਕ ਹੋਣ ਦੇ ਮਾਮਲੇ ਵਿੱਚ ਇਹ ਕਾਰਵਾਈ ਕੀਤੀ ਗਈ ਹੈ। ਕੇਂਦਰ ਦੀ ED ਨਾਲ ਸੰਬੰਧਿਤ ਇਸ ਅਧਿਕਾਰੀ ਖ਼ਿਲਾਫ਼ ਸਖ਼ਤ ਰਵੱਈਆ ਅਪਣਾਉਂਦੇ ਹੋਏ ਤਬਾਦਲੇ ਦੇ ਹੁਕਮ ਜਾਰੀ ਕੀਤੇ ਗਏ ਹਨ।
ਇਹ ਉਹੀ ਅਫਸਰ ਹੈ, ਜਿਸ ਦੇ ਹੁਕਮ ਨਾਲ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਬੇਟੇ ਰਣਿੰਦਰ ਸਿੰਘ ਨੂੰ ਈਡੀ ਵੱਲੋਂ 12 ਫਰਵਰੀ ਨੂੰ ਇੱਕ ਪੁਰਾਣੇ ਕੇਸ ਵਿੱਚ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਸਨ। ਹਾਲਾਂਕਿ ਕਿਹਾ ਜਾ ਰਿਹਾ ਕਿ ਰਵੀ ਤਿਵਾੜੀ ਦੇ ਤਬਾਦਲੇ ਦਾ ਕੈਪਟਨ ਅਮਰਿੰਦਰ ਸਿੰਘ ਨੂੰ ਜਾਰੀ ਕੀਤੇ ਸੰਮਨ ਨਾਲ ਕੋਈ ਸਬੰਧ ਨਹੀਂ ਹੈ।
ਸੂਤਰਾਂ ਅਨੁਸਾਰ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਹ ਫ਼ੈਸਲਾ ਕੀਤਾ ਹੈ।
ਦੱਸ ਦੇਈਏ ਕਿ ਈਡੀ ਵੱਲੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਰਣਇੰਦਰ ਸਿੰਘ ਵਿਰੁੱਧ ਫੋਰਨ ਐਕਸਚੇਂਜ ਮੈਨੇਜਮੈਂਟ ਐਕਟ (FEMA) ਦੀ ਕਥਿਤ ਉਲੰਘਣਾ ਅਤੇ ਅਣਦੱਸੀਆਂ ਵਿਦੇਸ਼ੀ ਜਾਇਦਾਦਾਂ ਦੇ ਮਾਮਲੇ ਵਿੱਚ ਜਾਂਚ ਕੀਤੀ ਜਾ ਰਹੀ ਹੈ। ਇਸ ਜਾਂਚ ਦਾ ਮੁੱਖ ਕੇਂਦਰ ਸਵਿਟਜ਼ਰਲੈਂਡ ਅਤੇ ਬ੍ਰਿਟਿਸ਼ ਵਰਜਿਨ ਆਈਲੈਂਡਜ਼ ਦੇ ਟਰੱਸਟਾਂ ਵਿੱਚ ਕੀਤੇ ਗਏ ਲੈਣ-ਦੇਣ ਹਨ। ਅਦਾਲਤਾਂ ਨੇ ED ਨੂੰ ਉਨ੍ਹਾਂ ਆਮਦਨ ਕਰ ਰਿਕਾਰਡਾਂ ਤੱਕ ਪਹੁੰਚ ਦੀ ਇਜਾਜ਼ਤ ਦੇ ਦਿੱਤੀ ਹੈ, ਜੋ ਅੰਤਰਰਾਸ਼ਟਰੀ ਸੰਧੀਆਂ ਰਾਹੀਂ ਪ੍ਰਾਪਤ ਕੀਤੇ ਗਏ ਸਨ।
