100 ਉੱਘੇ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਖਿਡਾਰੀਆਂ ਦਾ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨ
ਚੰਡੀਗੜ, 9 ਜੁਲਾਈ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਤਿੰਨ ਵਾਰ ਦੇ ਓਲੰਪਿਕ ਸੋਨ ਤਗਮਾ ਜੇਤੂ ਉੱਘੇ ਹਾਕੀ ਖਿਡਾਰੀ ਬਲਬੀਰ ਸਿੰਘ ਸੀਨੀਅਰ ਦੇ ਨਾਂ ਦੀ ਭਾਰਤ ਰਤਨ ਦੇਣ ਲਈ ਸਿਫ਼ਾਰਸ਼ ਕਰਨਗੇ।
ਮੁੱਖ ਮੰਤਰੀ ਅੱਜ ਸਾਬਕਾ ਹਾਕੀ ਖਿਡਾਰੀ ਨੂੰ ਪੀ.ਜੀ.ਆਈ ਵਿਖੇ ਮਿਲੇ ਅਤੇ ਉਨਾਂ ਨੂੰ ਮਹਾਰਾਜਾ ਰਣਜੀਤ ਸਿੰਘ ਐਵਾਰਡ ਪ੍ਰਦਾਨ ਕੀਤਾ ਜੋ ਕਿ ਬਿਮਾਰ ਹੋਣ ਕਾਰਨ ਉਥੇ ਜੇਰੇ ਇਲਾਜ ਹਨ। ਇਸ ਤੋਂ ਬਾਅਦ ਮੁੱਖ ਮੰਤਰੀ ਨੇ 100 ਹੋਰ ਉੱਘੇ ਖਿਡਾਰੀਆਂ ਨੂੰ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਇਕ ਸਮਾਰੋਹ ਦੌਰਾਨ ਸਨਮਾਨਿਤ ਕੀਤਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਐਵਾਰਡ ਨੂੰ ਦੇਣ ਦਾ ਕਾਰਜ ਤਕਰੀਬਨ ਇਕ ਦਹਾਕੇ ਦੇ ਵਕਫੇ ਤੋਂ ਬਾਅਦ ਸ਼ੁਰੂ ਕੀਤਾ ਗਿਆ ਹੈ ਅਤੇ ਇਸ ਨੂੰ ਸਾਲਾਨਾ ਸਮਾਰੋਹ ਮਨਾਇਆ ਜਾਵੇਗਾ।
ਐਵਾਰਡ ਦੇਣ ਦੇ ਸਮਾਰੋਹ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਬਲਬੀਰ ਸਿੰਘ ਵਰਗੇ ਮਹਾਨ ਹਾਕੀ ਓਲੰਪਿਅਨਾਂ ਵਰਗੇ ਖਿਡਾਰੀਆਂ ਨੇ ਖੇਡਾਂ ਵਿੱਚ ਆਪਣਾ ਮਹਾਨ ਯੋਗਦਾਨ ਦਿੱਤਾ ਹੈ ਜਿਨਾਂ ਨੂੰ ਬਣਦਾ ਸਨਮਾਨ ਦਿੱਤਾ ਜਾਣਾ ਚਾਹੀਦਾ ਹੈ।
ਹਾਜ਼ਰੀਨਾਂ ਨਾਲ ਆਪਣੇ ਯਾਦਗਾਰੀ ਪਲ ਸਾਂਝੇ ਕਰਦੇ ਹੋਏ ਮੁੱਖ ਮੰਤਰੀ ਨੇ ਮਹਾਨ ਹਾਕੀ ਖਿਡਾਰੀ ਮਿਲਖਾ ਸਿੰਘ, ਿਕਟ ਦੇ ਸਾਬਕਾ ਕਪਤਾਨ ਬਿਸ਼ਨ ਸਿੰਘ ਬੇਦੀ, ਵਿਸ਼ਵ ਕੱਪ ਹਾਕੀ ਦੇ ਸਾਬਕਾ ਕਪਤਾਨ ਅਜੀਤ ਪਾਲ ਸਿੰਘ ਵਰਗੇ ਉੱਘੇ ਖਿਡਾਰੀਆਂ ਦੇ ਸਾਥ ਵਿੱਚ ਖੁਸ਼ੀ ਦਾ ਪ੍ਰਗਟਾਵਾ ਕੀਤਾ।
ਮੁੱਖ ਮੰਤਰੀ ਨੇ ਕਿਹਾ ਕਿ ਇਨਾਂ ਉੱਘੇ ਖਿਡਾਰੀਆਂ ਨੂੰ ਦਿੱਤਾ ਗਿਆ ਐਵਾਰਡ ਨਵੇਂ ਖਿਡਾਰੀਆਂ ਨੂੰ ਖੇਡਾਂ ਵਿੱਚ ਵਧੀਆ ਕਾਰਗੁਜ਼ਾਰੀ ਦਿਖਾਉਣ ਲਈ ਪ੍ਰੇਰਿਤ ਕਰੇਗਾ। ਇਹ ਐਵਾਰਡ 1978 ਵਿੱਚ ਸ਼ੁਰੂ ਕੀਤਾ ਗਿਆ ਜਿਸ ਵਿੱਚ 2 ਲੱਖ ਰੁਪਏ ਨਗਦ, ਇੱਕ ਬਲੇਜਰ, ਇਕ ਸਕਰੋਲ ਅਤੇ ਮਹਾਰਾਜਾ ਰਣਜੀਤ ਸਿੰਘ ਟਰਾਫੀ ਦਿੱਤੀ ਜਾਂਦੀ ਹੈ ਜਿਸ ਵਿੱਚ ਉਹ ਘੋੜੇ ’ਤੇ ਬੈਠੇ ਦਿਖਾਈ ਦੇ ਰਹੇ ਹਨ।
ਇਸ ਤੋਂ ਪਹਿਲਾਂ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਸਵਾਗਤੀ ਭਾਸ਼ਨ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਖੇਡਾਂ ਪ੍ਰਤੀ ਜਨੂੰਨ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਮੁੱਖ ਮੰਤਰੀ ਦੀ ਦੂਰਅੰਦੇਸ਼ੀ ਅਤੇ ਗਤੀਸ਼ੀਲ ਪਹੁੰਚ ਸਦਕਾ ਸੂਬਾ ਸਰਕਾਰ ਵਿਆਪਕ ਖੇਡ ਨੀਤੀ ਅਮਲ ਵਿੱਚ ਲਿਆਈ ਹੈ। ਸੂਬੇ ਦੇ ਖੇਡ ਢਾਂਚੇ ਨੂੰ ਮਜ਼ਬੂਤ ਬਣਾਉਣ ਅਤੇ ਸੂਬੇ ਦਾ ਨਾਂ ਰੌਸ਼ਨ ਕਰਨ ਵਾਲੇ ਖਿਡਾਰੀਆਂ ਦੀ ਭਲਾਈ ਲਈ ਸਮੇਤ ਸਾਰੇ ਪੱਖਾਂ ਨੂੰ ਇਸ ਨੀਤੀ ਦਾ ਹਿੱਸਾ ਬਣਾਇਆ ਗਿਆ ਹੈ।
ਖੇਡ ਮੰਤਰੀ ਨੇ ਸਾਰੇ ਸੀਨੀਅਰ ਖਿਡਾਰੀਆਂ ਅਤੇ ਵਿਦੇਸ਼ਾਂ ’ਚ ਵਸਦੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਸੂਬੇ ਦੇ ਨੌਜਵਾਨਾਂ ਦੇ ਖੇਡ ਹੁਨਰ ਨੂੰ ਤਰਾਸ਼ਣ ਲਈ ਸਰਕਾਰ ਦੇ ਯਤਨਾਂ ਨੂੰ ਸਹਿਯੋਗ ਕਰਨ ਲਈ ਵੱਧ ਚੜ ਕੇ ਸਹਿਯੋਗ ਦਿੱਤਾ ਜਾਵੇ। ਉਨਾਂ ਕਿਹਾ ਕਿ ਨੌਜਵਾਨਾਂ ਅੰਦਰ ਅਣਛੋਹੀ ਖੇਡ ਸਮਰਥਾ ਨੂੰ ਸਹੀ ਦਿਸ਼ਾ ਦੇਣ ਦੀ ਲੋੜ ਹੈ ਅਤੇ ਸੂਬਾ ਸਰਕਾਰ ਸਾਰੇ ਖਿਡਾਰੀਆਂ ਲਈ ਬਿਹਤਰ ਸਹੂਲਤਾਂ ਯਕੀਨੀ ਬਣਾਵੇਗੀ।
ਸ੍ਰੀ ਸੋਢੀ ਨੇ ਐਲਾਨ ਕੀਤਾ ਕਿ ਉੱਘੇ ਖਿਡਾਰੀਆਂ ਅਤੇ ਕੌਮਾਂਤਰੀ ਪੱਧਰ ’ਤੇ ਤਮਗਾ ਜੇਤੂ ਖਿਡਾਰੀਆਂ ਨੂੰ ਮਿਲਦੀ ਖੇਡ ਪੈਨਸ਼ਨ ਪਹਿਲਾਂ ਵਾਂਗ ਜਾਰੀ ਰਹੇਗੀ ਜੋ ਉਨਾਂ ਦੇ ਸਬੰਧਤ ਵਿਭਾਗਾਂ ਪਾਸੋਂ ਮਿਲਦੀ ਪੈਨਸ਼ਨ ਤੋਂ ਵੱਖਰੇ ਤੌਰ ’ਤੇ ਮਿਲਦੀ ਹੈ।
ਸਮਾਗਮ ਵਿੱਚ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ, ਮੁੱਖ ਮੰਤਰੀ ਦੇ ਸੀਨੀਅਰ ਸਲਾਹਕਾਰ ਲੈਫਟੀਨੈਂਟ ਜਨਰਲ (ਰਿਟਾ.) ਟੀ.ਐਸ. ਸ਼ੇਰਗਿੱਲ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਐਮ.ਐਲ.ਏ. ਪਰਗਟ ਸਿੰਘ, ਵਧੀਕ ਮੁੱਖ ਸਕੱਤਰ ਖੇਡਾਂ ਸੰਜੇ ਕੁਮਾਰ ਤੇ ਡਾਇਰੈਕਟਰ ਖੇਡਾਂ ਰਾਹੁਲ ਗੁਪਤਾ ਅਤੇ ਮਸ਼ਹੂਰ ਹਿੰਦੀ ਫਿਲਮ ਐਕਟਰ ਰਣਜੀਤ ਹਾਜ਼ਰ ਸਨ।