ਓਟਾਵਾ— ਕੈਨੇਡਾ ‘ਚ ਬੁੱਧਵਾਰ ਤੋਂ ਭੰਗ ਨੂੰ ਕਾਨੂੰਨੀ ਤੌਰ ‘ਤੇ ਖਰੀਦਿਆ ਜਾ ਸਕੇਗਾ। ਤੁਹਾਨੂੰ ਦੱਸ ਦਈਏ ਕਿ ਕੈਨੇਡਾ ਦੁਨੀਆ ਦਾ ਅਜਿਹਾ ਦੂਜਾ ਦੇਸ਼ ਹੈ ਜਿਸ ਨੇ ਭੰਗ ਨੂੰ ਕਾਨੂੰਨੀ ਮਾਨਤਾ ਦਿੱਤੀ ਹੈ। ਇਸ ਤੋਂ ਪਹਿਲਾਂ ਉਰੂਗਵੇ ਦੇਸ਼ ‘ਚ ਭੰਗ ਨੂੰ ਕਾਨੂੰਨੀ ਮਾਨਤਾ ਮਿਲੀ ਹੈ। 17 ਅਕਤਬੂਰ ਦਾ ਬਹੁਤ ਸਾਰੇ ਕੈਨੇਡੀਅਨਜ਼ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ ਕਿਉਂਕਿ ਇੱਥੇ ਰਹਿ ਰਹੇ ਬਹੁਤ ਸਾਰੇ ਵਪਾਰੀ ਜਿਨ੍ਹਾਂ ‘ਚ ਪੰਜਾਬੀਆਂ ਦੀ ਗਿਣਤੀ ਵੀ ਜ਼ਿਆਦਾ ਹੈ, ਭੰਗ ਦੀ ਵਿਕਰੀ ਨੂੰ ਤਵੱਜੋ ਦੇ ਰਹੇ ਹਨ। ਇੱਥੇ ਦਹਾਕਿਆਂ ਤੋਂ ਗੈਰ ਕਾਨੂੰਨੀ ਨਸ਼ਿਆਂ ਦੀ ਸੂਚੀ ਵਿਚ ਰਹੀ ਭੰਗ ਭਾਵ ‘ਪੌਟ’ ਨੂੰ ਸਰਕਾਰ ਨੇ ਆਮ ਖਰੀਦ ਲਈ ਹਰੀ ਝੰਡੀ ਦੇ ਦਿੱਤੀ ਹੈ। ਤੁਹਾਨੂੰ ਦੱਸ ਦਈਏ ਕਿ ਜੂਨ 2018 ‘ਚ ਭੰਗ ਸਬੰਧੀ ਬਿੱਲ ਸੀ-45 ਪਾਸ ਹੋ ਗਿਆ ਸੀ। ਉਦੋਂ ਤੋਂ ਹੀ ਬਹੁਤ ਸਾਰੇ ਇਨਵੈਸਟਰਾਂ ਨੇ ਇਸ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਅਤੇ ਪੰਜਾਬੀਆਂ ਸਮੇਤ ਕਈਆਂ ਨੇ ਭੰਗ ਦੇ ਠੇਕੇ ਲੈਣੇ ਵੀ ਸ਼ੁਰੂ ਕਰ ਦਿੱਤੇ ਸਨ।
ਤੁਹਾਨੂੰ ਦੱਸ ਦਈਏ ਕਿ ਕੈਨੇਡਾ ਦੀ ਮਸ਼ਹੂਰ ‘ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ’ ਦੇ ਕੈਂਪਸ ‘ਚ ਵੀ ਵਿਦਿਆਰਥੀਆਂ ਨੂੰ ਭੰਗ ਪੀਣ ਦੀ ਇਜ਼ਾਜ਼ਤ ਦੇ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਕੈਨੇਡਾ ਦਾ ਢਾਂਚਾ ਨੌਜਵਾਨਾਂ ਅਤੇ ਸਮਾਜ ਨੂੰ ਭੰਗ ਦੇ ਗੈਰ ਕਾਨੂੰਨੀ ਵਪਾਰ ਤੋਂ ਬਚਾਉਣ ਵਿਚ ਕਾਰਗਰ ਸਿੱਧ ਨਹੀਂ ਹੋ ਰਿਹਾ ਤੇ ਇਸ ਲਈ ਇਹ ਪਾਬੰਦੀ ਹਟਾਈ ਜਾ ਰਹੀ ਹੈ। ਹਾਲਾਂਕਿ ਇਸ ਕਾਨੂੰਨ ਨੂੰ ਲਾਗੂ ਕਰਨ ਵਿਚ ਕਾਫੀ ਚੁਣੌਤੀਆਂ ਆ ਰਹੀਆਂ ਹਨ। ਫੈਡਰਲ ਸਰਕਾਰ ਦੇ ਇਸ ਫੈਸਲੇ ਨੂੰ ਸੂਬਾਈ ਅਤੇ ਮਿਊਂਸੀਪਲ ਪੱਧਰ ‘ਤੇ ਲਾਗੂ ਕਰਨ ਬਾਰੇ ਕਈ ਖਦਸ਼ੇ ਹਨ।
ਬਹੁਤ ਸਾਰੇ ਲੋਕ ਭੰਗ ਦੇ ਕਾਨੂੰਨੀ ਹੋਣ ‘ਤੇ ਖੁਸ਼ ਹਨ ਹਾਲਾਂਕਿ ਕਈਆਂ ਨੇ ਇਸ ਦਾ ਵਿਰੋਧ ਵੀ ਕੀਤਾ ਹੈ। ਸਰਕਾਰ ਨੇ ਭਾਵੇਂ ਭੰਗ ਰੱਖਣ ਦੀ ਕਾਨੂੰਨੀ ਮਾਨਤਾ ਦੇ ਦਿੱਤੀ ਹੈ ਪਰ ਇਸ ਦੇ ਸਖਤ ਨਿਯਮਾਂ ਨੂੰ ਸਮਝਣਾ ਵੀ ਲੋਕਾਂ ਲਈ ਜ਼ਰੂਰੀ ਹੈ। ਨਿਯਮਾਂ ਮੁਤਾਬਕ ਲੋਕ 150 ਗ੍ਰਾਮ ਤਕ ਭੰਗ ਆਪਣੇ ਕੋਲ ਰੱਖ ਸਕਦੇ ਹਨ। ਇੱਥੋਂ ਦੀ ਵਿਰੋਧੀ ਧਿਰ ਕੰਜ਼ਰਵੇਟਿਵ ਦੇ ਹਾਊਸ ਲੀਡਰ ਕੈਂਡਿਸ ਬਰਗਨ ਨੇ ਇਸ ਨੂੰ ਸਰਕਾਰ ਦਾ ਕਾਹਲੀ ‘ਚ ਲਿਆ ਗਿਆ ਫੈਸਲਾ ਦੱਸਿਆ ਹੈ। ਡੈਮੋਕ੍ਰੇਟਿਕ ਆਗੂ ਜਗਮੀਤ ਸਿੰਘ ਨੇ ਕਿਹਾ ਕਿ ਉਹ ਇਸ ਦਾ ਸਮਰਥਨ ਕਰਦੇ ਹਨ ਪਰ ਸਰਕਾਰ ਇਸ ਨਾਲ ਜੁੜੀਆਂ ਸਮੱਸਿਆਵਾਂ ਨੂੰ ਸੁਲਝਾ ਰਹੀ ਹੈ। ਦੇਖਣਾ ਹੋਵੇਗਾ ਕਿ ਇਹ ਕਾਨੂੰਨ ਕਿੰਨਾ ਕੁ ਸਫਲ ਰਹਿੰਦਾ ਹੈ ਅਤੇ ਇਸ ਦੇ ਕਿਸ ਤਰ੍ਹਾਂ ਦਾ ਪ੍ਰਭਾਵ ਪੈਂਦੇ ਹਨ।