ਟੋਰਾਂਟੋ : ਕੈਨੇਡਾ ਪੋਸਟ ਦੇ ਮੁਲਾਜ਼ਮਾਂ ਦੀ ਹੜਤਾਲ ਕਾਰਨ 80 ਲੱਖ ਪਾਰਸਲ ਅਤੇ ਚਿੱਠੀਆਂ ਲੋਕਾਂ ਤੱਕ ਨਹੀਂ ਪਹੁੰਚ ਸਕੇ ਅਤੇ ਨੇੜ ਭਵਿੱਖ ਵਿਚ ਹੜਤਾਲ ਖ਼ਤਮ ਹੋਣ ਦੇ ਆਸਾਰ ਵੀ ਨਜ਼ਰ ਨਹੀਂ ਆਉਂਦੇ। ਫੈਡਰਲ ਸਰਕਾਰ ਦੀ ਵਿਚੋਲਗੀ ਦਰਮਿਆਨ ਮੁਲਾਜ਼ਮ ਯੂਨੀਅਨ ਅਤੇ ਪ੍ਰਬੰਧਕਾਂ ਵਿਚਾਲੇ ਵੀਕਐਂਡ ’ਤੇ ਗੱਲਬਾਤ ਦਾ ਦੌਰ ਜਾਰੀ ਰਿਹਾ ਪਰ ਕੋਈ ਤਸੱਲੀਬਖਸ਼ ਸਿੱਟਾ ਨਾ ਨਿਕਲ ਸਕਿਆ। ਕੈਨੇਡਾ ਪੋਸਟ ਦੇ ਸਟ੍ਰੈਟੇਜਿਕ ਕਮਿਊਨੀਕੇਸ਼ਨਜ਼ ਬਾਰੇ ਵਾਇਸ ਪ੍ਰੈਜ਼ੀਡੈਂਟ ਜੌਹਨ ਹੈਮਿਲਟਨ ਨੇ ਕਿਹਾ ਕਿ ਮੁਲਾਜ਼ਮ ਯੂਨੀਅਨ ਨਾਲ ਵਾਜਬ ਸਮਝੌਤਾ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਪਰ ਮੰਗਾਂ ਨੂੰ ਮੁਕੰਮਲ ਤੌਰ ’ਤੇ ਪੂਰਾ ਕਰਨਾ ਸੰਭਵ ਹੀ ਨਹੀਂ। ਬਿਨਾਂ ਸ਼ੱਕ ਲੋਕਾਂ ਕੋਲ ਚੰਗੀ ਤਨਖਾਹ ਵਾਲੀ ਨੌਕਰੀ ਹੋਣੀ ਚਾਹੀਦੀ ਹੈ ਪਰ ਸਰਬਸੰਮਤੀ ਵਾਲੀ ਮੰਜ਼ਿਲ ਹਾਲੇ ਦੂਰ ਲੱਗ ਰਹੀ ਹੈ।

ਕੈਨੇਡਾ ਪੋਸਟ ਦੇ ਮੁਲਾਜ਼ਮਾਂ ਦੀ ਹੜਤਾਲ 11ਵੇਂ ਦਿਨ ਵਿਚ ਦਾਖਲ
ਇਸੇ ਦੌਰਾਨ ਮੁਲਾਜ਼ਮ ਯੂਨੀਅਨ ਦੇ ਕੌਮੀ ਪ੍ਰਧਾਨ ਜੈਨ ਸਿੰਪਸਨ ਨੇ ਕਿਹਾ ਕਿ ਹੜਤਾਲ ਮੁਲਾਜ਼ਮਾਂ ਦੇ ਹੌਸਲੇ ਬੁਲੰਦ ਹਨ ਭਾਵੇਂ ਕੈਨੇਡਾ ਪੋਸਟ ਵੱਲੋਂ ਕੁਝ ਭੱਤੇ ਰੱਦ ਕਰਨ ਦਾ ਐਲਾਨ ਕਰ ਦਿਤਾ ਗਿਆ ਹੈ। ਮੁਲਾਜ਼ਮਾਂ ਨੇ ਇਕ ਸਾਲ ਪਹਿਲਾਂ ਗੱਲਬਾਤ ਆਰੰਭੀ ਅਤੇ ਹੁਣ ਤੱਕ ਪ੍ਰਬੰਧਕ ਮਾਮਲਾ ਲਟਕਾਉਂਦੇ ਆ ਰਹੇ ਹਨ। ਇਥੇ ਦਸਣਾ ਬਣਦਾ ਹੈ ਕਿ ਕੈਨੇਡਾ ਪੋਸਟ ਵੱਲੋਂ ਮੁਲਾਜ਼ਮਾਂ ਦੀਆਂ ਤਨਖਾਹਾਂ ਵਿਚ ਆਉਂਦੇ ਚਾਰ ਸਾਲ ਦੌਰਾਨ 11.5 ਫੀ ਸਦੀ ਵਾਧਾ ਕਰਨ ਦੀ ਪੇਸ਼ਕਸ਼ ਕੀਤੀ ਗਈ ਹੈ ਪਰ ਯੂਨੀਅਨ ਵੱਲੋਂ 24 ਫੀ ਸਦੀ ਵਾਧਾ ਮੰਗਿਆ ਜਾ ਰਿਹਾ ਹੈ। ਯੂਨੀਅਨ ਦਾ ਕਹਿਣਾ ਹੈਕਿ ਵੀਕਐਂਡ ਦੌਰਾਨ ਫੁਲ ਟਾਈਮ ਮੁਲਾਜ਼ਮਾਂ ਤੋਂ ਪੈਕੇਜ ਡਿਲੀਵਰੀ ਕਰਵਾਈ ਜਾਵੇ ਪਰ ਕੈਨੇਡਾ ਪੋਸਟ ਇਹ ਕੰਮ ਠੇਕੇ ਵਾਲੇ ਮੁਲਾਜ਼ਮਾਂ ਤੋਂ ਕਰਵਾਉਣਾ ਚਾਹੁੰਦੀ ਹੈ। ਸਿੰਪਸਨ ਨੇ ਰੋਹ ਭਰੇ ਅੰਦਾਜ਼ ਵਿਚ ਕਿਹਾ ਕਿ ਕ੍ਰਾਊਨ ਕਾਰਪੋਰੇਸ਼ਨ ਵਿਚ ਗਿਗ ਵਰਕਰ ਨਹੀਂ ਬਣਾਏ ਜਾ ਸਕਦੇ। ਇਸ ਦੇ ਉਲਟ ਹੈਮਿਲਟਨ ਦਾ ਕਹਿਣਾ ਸੀ ਕਿ ਵੀਕਐਂਡ ਡਿਲੀਵਰੀ ਠੇਕੇ ਵਾਲੇ ਮੁਲਾਜ਼ਮਾਂ ਤੋਂ ਕਰਵਾ ਕੇ ਕੁਝ ਖਰਚਾ ਬਚਾਉਣ ਦੇ ਯਤਨ ਕੀਤੇ ਜਾ ਰਹੇ ਹਨ।