ਵੈਨਕੂਵਰ, 10 ਫਰਵਰੀ

ਸਥਾਨਕ ਪੰਜਾਬੀ ਪ੍ਰੈੱਸ ਕਲੱਬ ਨਾਲ ਸਬੰਧਿਤ ਪੱਤਰਕਾਰਾਂ ਵੱਲੋਂ ਅੱਜ ਵੈਨਕੂਵਰ ਸਥਿਤ ਭਾਰਤੀ ਸਫ਼ਾਰਤਖਾਨੇ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਭਾਰਤ ਸਰਕਾਰ ਲਈ ਮੰਗ ਪੱਤਰ ਦੇਣਾ ਚਾਹਿਆ, ਪਰ ਦੂਤਘਰ ਦੇ ਅਮਲੇ ਵੱਲੋਂ ਮੰਗ ਪੱਤਰ ਲੈਣ ਤੋਂ ਇਨਕਾਰ ਕਰ ਦਿੱਤਾ ਗਿਆ। ਪੱਤਰਕਾਰਾਂ ਦੀ ਮੰਗ ਸੀ ਕਿ ਭਾਰਤ ਵਿਚ ਲੋਕਤੰਤਰ ਦੇ ਕੀਤੇ ਜਾ ਰਹੇ ਘਾਣ ਨੂੰ ਬੰਦ ਕੀਤਾ ਜਾਵੇ ਅਤੇ ਸੱਚ ਲਿਖਣ ਵਾਲੇ ਪੱਤਰਕਾਰਾਂ ਖ਼ਿਲਾਫ਼ ਦਰਜ ਕੀਤੇ ਝੂਠੇ ਕੇਸ ਰੱਦ ਕੀਤੇ ਜਾਣ। ਉਨ੍ਹਾਂ ਸਰਕਾਰ ਨੂੰ ਭਾਰਤੀ ਸੰਵਿਧਾਨ ਦਾ ਸਤਿਕਾਰ ਕੀਤੇ ਜਾਣ ਦਾ ਵੀ ਵਾਸਤਾ ਪਾਇਆ।

ਪੱਤਰਕਾਰਾਂ ਨੇ ਰੋਸ ਵਿਖਾਵੇ ਤੋਂ ਪਹਿਲਾਂ ਬੀਤੇ ਦਿਨੀਂ ਫੌਤ ਹੋਏ ਚਰਨਪਾਲ ਸਿੰਘ ਗਿੱਲ ਨੂੰ ਸ਼ਰਧਾਂਜਲੀ ਦੇਣ ਲਈ ਦੋ ਮਿੰਟ ਦਾ ਮੌਨ ਰੱਖਿਆ। ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਪ੍ਰੈੱਸ ਕਲੱਬ ਪ੍ਰਧਾਨ ਨਵਜੋਤ ਕੌਰ ਢਿੱਲੋਂ ਵੱਲੋਂ ਮੰਗ ਪੱਤਰ ਪੜ੍ਹਿਆ ਗਿਆ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਪੱਤਰਕਾਰਾਂ ਦੇ ਸੱਚ ਨੂੰ ਦਬਾਉਣ ਵੇਲੇ ਔਰਤ ਪੱਤਰਕਾਰਾਂ ਦਾ ਵੀ ਲਿਹਾਜ ਨਹੀਂ ਕਰ ਰਹੀ। ਰੈਲੀ ਨੂੰ ਗੁਰਪ੍ਰੀਤ ਸਿੰਘ, ਜਰਨੈਲ ਸਿੰਘ, ਖੁਸ਼ਪਾਲ ਸਿੰਘ ਗਿੱਲ, ਬਖਸ਼ਿੰਦਰ ਸਿੰਘ, ਹਰਕੀਰਤ ਸਿੰਘ ਕੁਲਾਰ ਤੇ ਅਮਰਪਾਲ ਸਿੰਘ ਨੇ ਵੀ ਸੰਬੋਧਨ ਕੀਤਾ। ਬੁਲਾਰਿਆਂ ਨੇ ਭਾਰਤੀ ਸਫ਼ਾਰਤਖਾਨੇ ਵੱਲੋਂ ਕੈਨੇਡਾ ਦੇ ਪੱਤਰਕਾਰਾਂ ਉਤੇ ਭਾਰਤ ਦਾਖ਼ਲੇ ’ਤੇ ਪਾਬੰਦੀ ਦੀਆਂ ਧਮਕੀਆਂ ਦੇ ਕੇ ਸੱਚ ਨੂੰ ਦਬਾਉਣ ਅਤੇ ਇਥੋਂ ਦੇ ਰੇਡੀਓ ਸਲਾਟ ਕਿਰਾਏ ’ਤੇ ਲੈ ਕੇ ਮੋਦੀ ਸਰਕਾਰ ਦੇ ਗੁਣਗਾਨ ਕਰਨ ਦੀ ਸਖ਼ਤ ਨਿਖੇਧੀ ਕੀਤੀ। ਮੰਗ ਪੱਤਰ ਲੈਣ ਤੋਂ ਨਾਂਹ ਕਰਨ ਸਬੰਧੀ ਜਦੋਂ ਸਫ਼ਾਰਤਖਾਨੇ ਦੇ ਅਧਿਕਾਰੀਆਂ ਦਾ ਪੱਖ ਜਾਨਣ ਲਈ ਫੋਨ ਕੀਤਾ ਗਿਆ ਤਾਂ ਹਿੰਦੀ ਬੋਲਦੇ ਵਿਅਕਤੀ ਨੇ ‘ਨੋ ਕੁਮੈਂਟਸ’ ਕਹਿ ਕੇ ਫੋਨ ਕੱਟ ਦਿਤਾ।