ਓਟਾਵਾ— ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਨੂੰ ਲੈ ਕੇ ਚੱਲ ਰਿਹਾ ਵਿਵਾਦ ਅਜੇ ਤਕ ਰੁਕਿਆ ਨਹੀਂ ਹੈ। ਪਹਿਲਾਂ ਤੋਂ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਟਰੂਡੋ ਦੀ ਮਿਲਣੀ ਸੰਬੰਧੀ ਵਿਵਾਦ ਚੱਲਦਾ ਰਿਹਾ ਸੀ, ਜਦ ਕੈਪਟਨ ਨੇ ਟਰੂਡੋ ਨੂੰ ਮਿਲਣ ਲਈ ਹਾਂ ਕਰ ਦਿੱਤੀ ਤਾਂ ਹੁਣ ਕੈਨੇਡਾ ਤੋਂ ਸੁਣਨ ਨੂੰ ਮਿਲ ਰਿਹਾ ਹੈ ਕਿ ਟਰੂਡੋ ਕੈਪਟਨ ਨਾਲ ਮੁਲਾਕਾਤ ਨਹੀਂ ਕਰਨਗੇ। ਹਾਲਾਂਕਿ ਭਾਰਤੀ ਮੀਡੀਆ ਦਾ ਕਹਿਣਾ ਹੈ ਕਿ ਜਦ ਟਰੂਡੋ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਜਾਣਗੇ ਤਾਂ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਉਨ੍ਹਾਂ ਦੇ ਨਾਲ ਹੋਣਗੇ । ਇਸ ਤੋਂ ਇਲਾਵਾ ਇਕ ਮਿਊਜ਼ੀਅਮ ‘ਚ ਵੀ ਕੈਪਟਨ ਕੈਨੇਡੀਅਨ ਪ੍ਰਧਾਨ ਮੰਤਰੀ ਟਰੂਡੋ ਦੇ ਨਾਲ ਹੀ ਜਾਣਗੇ।
ਇਕ ਕੈਨੇਡੀਅਨ ਅਧਿਕਾਰੀ ਨੇ ਕਿਹਾ,”ਫਿਲਹਾਲ ਅਸੀਂ ਅਜੇ ਤਕ ਕੈਪਟਨ ਨਾਲ ਕਿਸੇ ਵੀ ਤਰ੍ਹਾਂ ਦੀ ਮੀਟਿੰਗ ਦੀ ਯੋਜਨਾ ਨਹੀਂ ਬਣਾਈ।” ਉਨ੍ਹਾਂ ਕਿਹਾ ਕਿ ਉਹ ਟਰੂਡੋ ਦੀ ਫੇਰੀ ਸੰਬੰਧੀ ਸਾਰੀ ਜਾਣਕਾਰੀ ਜਨਤਕ ਨਹੀਂ ਕਰ ਸਕਦੇ ਕਿਉਂਕਿ ਉਨ੍ਹਾਂ ਨੂੰ ਇਸ ਦਾ ਅਧਿਕਾਰ ਨਹੀਂ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸੱਜਣ ਜਦ ਪੰਜਾਬ ਆਏ ਸਨ ਤਾਂ ਕੈਪਟਨ ਨੇ ਉਨ੍ਹਾਂ ਨਾਲ ਮੁਲਾਕਾਤ ਕਰਨ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਸੀ ਕਿ ਸੱਜਣ ਖਾਲਿਸਤਾਨ ਦੇ ਸਮਰਥਕ ਹਨ। ਟਰੂਡੋ ਦੀ ਪਹਿਲੀ ਭਾਰਤ ਫੇਰੀ ਨਾਲ ਪੰਜਾਬ ਦੀ ਸਿਆਸਤ ‘ਚ ਉਥਲ-ਪੁਥਲ ਮਚ ਗਈ ਹੈ। ਤੁਹਾਨੂੰ ਦੱਸ ਦਈਏ ਕਿ ਟਰੂਡੋ 17 ਫਰਵਰੀ ਤੋਂ 23 ਫਰਵਰੀ ਤਕ ਭਾਰਤ ਦੌਰੇ ‘ਤੇ ਆ ਰਹੇ ਹਨ ਅਤੇ ਇਸ ਦੌਰਾਨ ਉਹ ਪੰਜਾਬ ਸਮੇਤ ਦਿੱਲੀ, ਮੁੰਬਈ ਅਤੇ ਅਹਿਮਦਾਬਾਦ ਜਾਣਗੇ। ਟਰੂਡੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਲਾਵਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਮਿਲ ਕੇ ਕਈ ਮੁੱਦਿਆਂ ‘ਤੇ ਗੱਲਬਾਤ ਕਰਨਗੇ। ਟਰੂਡੋ ਨਾਲ ਆ ਰਹੇ ਵਫਦ ‘ਚ 6 ਕੈਬਨਿਟ ਮੰਤਰੀ ਹੋਣਗੇ, ਜਿਨ੍ਹਾਂ ‘ਚੋਂ ਚਾਰ ਭਾਰਤੀ ਮੂਲ ਦੇ ਹਨ। ਰੱਖਿਆ ਮੰਤਰੀ ਹਰਜੀਤ ਸੱਜਣ, ਹਾਊਸ ਲੀਡਰ ਬਰਦੀਸ਼ ਚੱਗਰ, ਆਰਥਿਕ ਵਿਕਾਸ ਮੰਤਰੀ ਨਵਦੀਪ ਬੈਂਸ ਅਤੇ ਭਾਈਚਾਰਾ ਮੰਤਰੀ ਅਮਰਜੀਤ ਸੋਹੀ ਉਨ੍ਹਾਂ ਦੇ ਨਾਲ ਹੋਣਗੇ। ਇਨ੍ਹਾਂ ਤੋਂ ਇਲਾਵਾ 14 ਹੋਰ ਪਾਰਲੀਮੈਂਟ ਦੇ ਮੈਂਬਰ ਵੱਖਰੇ ਤੌਰ ‘ਤੇ ਭਾਰਤ ਪੁੱਜਣਗੇ, ਜਿਨ੍ਹਾਂ ‘ਚੋਂ 12 ਭਾਰਤੀ ਮੂਲ ਦੇ ਹਨ।
ਜ਼ਿਕਰਯੋਗ ਹੈ ਕਿ ਸਵਿਟਜ਼ਰਲੈਂਡ ‘ਚ ਪੀ.ਐੱਮ ਮੋਦੀ ਅਤੇ ਟਰੂਡੋ ਵਿਚਕਾਰ ਮੁਲਾਕਾਤ ਹੋਈ ਸੀ, ਜਿੱਥੇ ਉਨ੍ਹਾਂ ਨੇ ਦੋਹਾਂ ਦੇਸ਼ਾਂ ਦੇ ਆਰਥਿਕ ਵਿਕਾਸ ਨੂੰ ਲੈ ਕੇ ਗੱਲ-ਬਾਤ ਕੀਤੀ ਸੀ। ਇਸ ਸਮੇਂ 1.3 ਮਿਲੀਅਨ ਕੈਨੀਡਅਨ-ਭਾਰਤੀ ਭਾਈਚਾਰਾ ਕੈਨੇਡਾ ਦੀ ਅਰਥ-ਵਿਵਸਥਾ ਦੇ ਨਾਲ-ਨਾਲ ਰਾਜਨੀਤੀ ‘ਚ ਵੀ ਉੱਚੀਆਂ ਪ੍ਰਾਪਤੀਆਂ ਪ੍ਰਾਪਤ ਕਰ ਰਿਹਾ ਹੈ। ਪਿਛਲੇ 10 ਸਾਲਾਂ ‘ਚ ਭਾਰਤ ਅਤੇ ਕੈਨੇਡਾ ਵਿਚਕਾਰ ਵਪਾਰ ਦੁੱਗਣਾ ਹੋਇਆ ਹੈ ਅਤੇ ਇਸ ਦੇ ਹੋਰ ਵੀ ਵਧਣ ਦੀ ਆਸ ਲਗਾਈ ਜਾ ਰਹੀ ਹੈ।