ਕੈਲਗਰੀ— ਕੈਨੇਡਾ ਦੇ ਸ਼ਹਿਰ ਕੈਲਗਰੀ ‘ਚ ਇਕ ਸ਼ਾਪਿੰਗ ਸੈਂਟਰ ‘ਚੋਂ ਇਕ ਨੌਜਵਾਨ ਦੀ ਲਾਸ਼ ਮਿਲਣ ਮਗਰੋਂ ਹੜਕੰਪ ਮਚ ਗਿਆ। ਕੈਲਗਰੀ ਪੁਲਸ ਨੇ ਸੋਮਵਾਰ ਦੁਪਹਿਰ ਨੂੰ ਦੱਸਿਆ ਕਿ ਉਨ੍ਹਾਂ ਨੂੰ ਸੱਤਵੇਂ ਅਵੈਨਿਊ ਅਤੇ ਤੀਸਰੀ ਸਟਰੀਟ ਦੇ ਕੋਰ ਸ਼ਾਪਿੰਗ ਸੈਂਟਰ ਦੇ ਬਾਥਰੂਮ ਦੀ ਕੰਧ ‘ਚੋਂ ਇਕ ਵਿਅਕਤੀ ਦੀ ਲਾਸ਼ ਮਿਲੀ ਹੈ। ਸੋਮਵਾਰ ਸਵੇਰੇ 9.30 ਵਜੇ ਉਨ੍ਹਾਂ ਨੂੰ ਫੋਨ ਕਰਕੇ ਇਸ ਸੰਬੰਧੀ ਜਾਣਕਾਰੀ ਦਿੱਤੀ ਗਈ ਸੀ।
ਸ਼ਾਪਿੰਗ ਸੈਂਟਰ ਦੀ ਚੌਥੀ ਮੰਜ਼ਲ ‘ਤੇ ਔਰਤਾਂ ਦੇ ਬਾਥਰੂਮ ‘ਚ ਖਰਾਬੀ ਆ ਗਈ ਸੀ ਅਤੇ ਇਸ ਨੂੰ ਠੀਕ ਕਰਨ ਲਈ ਕਿਸੇ ਵਿਅਕਤੀ ਨੂੰ ਬੁਲਾਇਆ ਗਿਆ। ਉਸ ਵਿਅਕਤੀ ਨੂੰ ਹੀ ਇੱਥੇ ਲਾਸ਼ ਦਿਖਾਈ ਦਿੱਤੀ। ਸ਼ੁਰੂਆਤੀ ਜਾਂਚ ‘ਚ ਪੁਲਸ ਵੱਲੋਂ ਕੁੱਝ ਵੀ ਪੱਕੇ ਤੌਰ ‘ਤੇ ਨਹੀਂ ਕਿਹਾ ਗਿਆ। ਪੁਲਸ ਨੇ ਕਿਹਾ ਕਿ ਅਜੇ ਕਿਹਾ ਨਹੀਂ ਜਾ ਸਕਦਾ ਕਿ ਇਸ ਵਿਅਕਤੀ ਨੂੰ ਮਾਰ ਕੇ ਕੰਧ ਦੇ ਪਿੱਛੇ ਚਿਣ ਦਿੱਤਾ ਗਿਆ ਸੀ ਜਾਂ ਇਸ ਦੀ ਮੌਤ ਪਿੱਛੇ ਕੋਈ ਹੋਰ ਕਾਰਨ ਹੈ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਕੈਲਗਰੀ ਫਾਇਰ ਵਿਭਾਗ ਦੀ ਮਦਦ ਨਾਲ ਲਾਸ਼ ਨੂੰ ਕੱਢ ਕੇ ਮੈਡੀਕਲ ਜਾਂਚ ਲਈ ਭੇਜ ਦਿੱਤਾ ਗਿਆ ਹੈ। ਸ਼ਾਪਿੰਗ ਸੈਂਟਰ ਵਾਲਿਆਂ ਨੇ ਸੂਚਨਾ ਨੋਟ ਜਾਰੀ ਕਰਕੇ ਜਾਣਕਾਰੀ ਦੇ ਦਿੱਤੀ ਹੈ ਕਿ ਇਹ ਬਾਥਰੂਮ ਖਰਾਬ ਹੈ ਅਤੇ ਉਹ ਦੂਜੇ ਬਾਥਰੂਮ ਦੀ ਵਰਤੋਂ ਕਰ ਲੈਣ।