ਓਟਵਾ, 29 ਜੂਨ : ਤਾਜ਼ਾ ਅੰਕੜਿਆਂ ਤੋਂ ਸਾਹਮਣੇ ਆਇਆ ਹੈ ਕਿ ਕੈਨੇਡਾ ਦੇ ਕੁੱਝ ਮੁੱਖ ਏਅਰਪੋਰਟਸ ਤੋਂ ਘਰੇਲੂ ਫਲਾਈਟਸ ਜਾਂ ਤਾਂ ਰੱਦ ਕਰ ਦਿੱਤੀਆਂ ਗਈਆਂ ਤੇ ਜਾਂ ਫਿਰ ਉਨ੍ਹਾਂ ਵਿੱਚ ਦੇਰ ਹੋਈ।
ਫਰੈਡਰਿਕਟਨ, ਨਿਊ ਬਰੰਜ਼ਵਿੱਕ ਵਿੱਚ ਸਥਿਤ ਡਾਟਾ ਸਟਰੈਟੇਜੀ ਏਜੰਸੀ ਡਾਟਾਵਾਜੋਂ ਵੱਲੋਂ ਉਸ ਸਮੇਂ ਤੋਂ ਇਹ ਡਾਟਾ ਇੱਕਠਾ ਕੀਤਾ ਜਾ ਰਿਹਾ ਹੈ ਜਦੋਂ ਤੋਂ ਕੈਨੇਡਾ ਦੇ ਏਅਰਪੋਰਟਸ ਉੱਤੇ ਹੋਣ ਵਾਲੀ ਲੰਮੀਂ ਦੇਰ ਕਾਰਨ ਫਲਾਈਟਸ ਵਿੱਚ ਦੇਰ ਹੋਣ ਲੱਗੀ। ਅਜਿਹਾ ਇਸ ਲਈ ਵੀ ਹੋ ਰਿਹਾ ਹੈ ਕਿਉਂਕਿ ਇੱਕ ਤਾਂ ਸਮਰ ਟਰੈਵਲ ਵਿੱਚ ਵਾਧਾ ਹੋਇਆ ਹੈ ਤੇ ਦੂਜਾ ਏਅਰਪੋਰਟਸ ਕੋਲ ਵੀ ਪੂਰਾ ਸਟਾਫ ਨਹੀਂ ਹੈ। ਜਿ਼ਕਰਯੋਗ ਹੈ ਕਿ 20 ਜੂਨ ਨੂੰ ਫੈਡਰਲ ਸਰਕਾਰ ਵੱਲੋਂ ਪਲੇਨ ਤੇ ਟਰੇਨ ਰਾਹੀਂ ਸਫਰ ਕਰਨ ਵਾਲੇ ਘਰੇਲੂ ਤੇ ਇੰਟਰਨੈਸ਼ਨਲ ਟਰੈਵਲਰਜ਼ ਲਈ ਵੈਕਸੀਨੇਸ਼ਨ ਦਾ ਸਬੂਤ ਮੁਹੱਈਆ ਕਰਵਾਏ ਜਾਣ ਦੀ ਸ਼ਰਤ ਤੋਂ ਛੋਟ ਦਿੱਤੀ ਗਈ ਸੀ।
ਟੂਰਿਜ਼ਮ ਤੇ ਏਅਰਲਾਈਨ ਸੈਕਟਰਜ਼ ਵੱਲੋਂ ਪਾਏ ਗਏ ਦਬਾਅ ਤੋਂ ਬਾਅਦ ਚੁੱਕੇ ਗਏ ਇਸ ਕਦਮ ਤੋਂ ਇੰਜ ਲੱਗ ਰਿਹਾ ਸੀ ਕਿ ਇਸ ਨਾਲ ਸਟਾਫ ਦੇ ਪੱਧਰ ਵਿੱਚ ਵਾਧਾ ਕਰਨ ਵਿੱਚ ਮਦਦ ਮਿਲੇਗੀ। ਪਰ ਪਾਰਲੀਆਮੈਂਟ ਵਿੱਚ ਪੇਸ਼ ਕੀਤੇ ਗਏ ਦਸਤਾਵੇਜ਼ਾਂ ਤੇ ਪ੍ਰਾਪਤ ਖਬਰਾਂ ਅਨੁਸਾਰ ਅੰਕੜੇ ਦਰਸਾਉਂਦੇ ਹਨ ਕਿ ਕੈਨੇਡਾ ਬਾਰਡਰ ਸਰਵਿਸ ਏਜੰਸੀ (ਸੀਬੀਐਸਏ) ਕੋਲ ਪਹਿਲੀ ਮਈ, 2022 ਤੱਕ ਕੈਨੇਡਾ ਦੇ ਏਅਰਪੋਰਟਸ ਉੱਤੇ 1904 ਅਧਿਕਾਰੀ ਕੰਮ ਕਰ ਰਹੇ ਸਨ ਜੋ ਕਿ ਪਹਿਲੀ ਜਨਵਰੀ 2020 ਨੂੰ ਕੰਮ ਕਰ ਰਹੇ 2033 ਅਧਿਕਾਰੀਆਂ ਤੋਂ ਘੱਟ ਸਨ ਤੇ ਪਹਿਲੀ ਜਨਵਰੀ 2016 ਨੂੰ ਕੰਮ ਕਰ ਰਹੇ 1981 ਤੋਂ ਵੀ ਘੱਟ ਸਨ।
4 ਮਈ, 2022 ਨੂੰ ਸੀਬੀਐਸਏ ਦੇ 103 ਕਰਮਚਾਰੀ ਆਪਣੇ ਵੈਕਸੀਨੇਸ਼ਨ ਸਟੇਟਸ ਕਾਰਨ ਬਿਨਾ ਤਨਖਾਹ ਛੁੱਟੀ ਉੱਤੇ ਸਨ। ਇਸ ਦੌਰਾਨ ਦਸਤਾਵੇਜ਼ ਦਰਸਾਉਂਦੇ ਹਨ ਕਿ ਕੈਨੇਡੀਅਨ ਏਅਰ ਟਰਾਂਸਪੋਰਟ ਸਕਿਊਰਿਟੀ ਅਥਾਰਟੀ (ਸੀਏਟੀਐਸਏ) ਵੱਲੋਂ ਥਰਡ ਪਾਰਟੀ ਕਾਂਟਰੈਕਟਰ ਰਾਹੀਂ 6867 ਲੋਕਾਂ ਨੂੰ ਏਅਰਪੋਰਟ ਸਕਿਊਰਿਟੀ ਸਕਰੀਨਿੰਗ ਲਈ ਕੰਮ ਕਰਨ ਵਾਸਤੇ ਤਾਇਨਾਤ ਕੀਤਾ ਗਿਆ। ਜੋ ਕਿ ਪਹਿਲੀ ਜਨਵਰੀ, 2020 ਤੋਂ ਇਹ ਕੰਮ ਕਰਨ ਵਾਲੇ 7420 ਅਧਿਕਾਰੀਆਂ ਦੇ ਮੁਕਾਬਲੇ ਘੱਟ ਹਨ।