ਵੈਨਕੂਵਰ, 17 ਜੁਲਾਈ- ਕੈਨੇਡੀਅਨ ਪਾਣੀਆਂ ਵਿੱਚ ਜਲਦ ਹੀ ਕਰੂਜ਼ ਸਿ਼ੱਪਜ਼ ਵੀ ਤਾਰੀਆਂ ਲਾਉਣਗੇ। ਫੈਡਰਲ ਸਰਕਾਰ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਇਹ ਪਾਬੰਦੀਆਂ ਪਹਿਲੀ ਨਵੰਬਰ, 2021 ਤੋਂ ਹਟਾ ਲਈਆਂ ਜਾਣਗੀਆਂ।
ਫੈਡਰਲ ਟਰਾਂਸਪੋਰਟ ਮੰਤਰੀ ਨੇ ਆਖਿਆ ਕਿ ਜੇ ਆਪਰੇਟਰਜ਼ ਪੂਰੀ ਤਰ੍ਹਾਂ ਪਬਲਿਕ ਹੈਲਥ ਲੋੜਾਂ ਨਾਲ ਸਹਿਯੋਗ ਕਰਨਗੇ ਤਾਂ ਉਨ੍ਹਾਂ ਲਈ ਪਾਬੰਦੀਆਂ ਖ਼ਤਮ ਕੀਤੀਆਂ ਜਾਣਗੀਆਂ। ਕਰੂਜ਼ ਸਿ਼ੱਪਜ਼ ਉੱਤੇ ਪਾਬੰਦੀਆਂ ਪਿਛਲੇ ਸਾਲ ਉਸ ਸਮੇਂ ਲਾਈਆਂ ਗਈਆਂ ਸਨ ਜਦੋਂ ਕੋਵਿਡ-19 ਦੇ ਮਾਮਲਿਆਂ ਵਿੱਚ ਅਚਾਨਕ ਵਾਧਾ ਹੋਇਆ ਸੀ। ਇਸ ਸਾਲ ਵੀ ਫਰਵਰੀ ਵਿੱਚ ਫੈਡਰਲ ਸਰਕਾਰ ਨੇ ਇਹ ਐਲਾਨ ਕੀਤਾ ਸੀ ਕਿ ਇਹ ਪਾਬੰਦੀ ਫਰਵਰੀ 2022 ਤੱਕ ਚੱਲੇਗੀ। ਪਰ ਵੀਰਵਾਰ ਨੂੰ ਟਰਾਂਸਪੋਰਟ ਮੰਤਰੀ ਉਮਰ ਅਲਘਬਰਾ ਨੇ ਆਖਿਆ ਕਿ ਮਹਾਂਮਾਰੀ ਦੌਰਾਨ ਆਏ ਥੋੜ੍ਹੇ ਸਾਹ ਕਾਰਨ ਸਰਕਾਰ ਇਨ੍ਹਾਂ ਪਾਬੰਦੀਆਂ ਵਿੱਚ ਢਿੱਲ ਦੇਣ ਬਾਰੇ ਸੋਚ ਰਹੀ ਹੈ।
ਉਨ੍ਹਾਂ ਆਖਿਆ ਕਿ ਅਸੀਂ 2022 ਦੇ ਸੀਜ਼ਨ ਲਈ ਕੈਨੇਡੀਅਨ ਪਾਣੀਆਂ ਵਿੱਚ ਜਲਦ ਹੀ ਕਰੂਜ਼ ਸਿ਼ੱਪਜ਼ ਦਾ ਸਵਾਗਤ ਕਰਾਂਗੇ ਕਿਉਂਕਿ ਇਹ ਵੀ ਟੂਰਿਜ਼ਮ ਦਾ ਅਹਿਮ ਹਿੱਸਾ ਹਨ। ਫੈਡਰਲ ਸਰਕਾਰ ਅਨੁਸਾਰ ਕਰੂਜ਼ ਸਿ਼ੱਪ ਇੰਡਸਟਰੀ ਕੈਨੇਡੀਅਨ ਅਰਥਚਾਰੇ ਵਿੱਚ ਚਾਰ ਬਿਲੀਅਨ ਡਾਲਰ ਜੋੜਦੀ ਹੈ। ਇਸ ਨਾਲ ਦੇਸ਼ ਵਿੱਚ ਹਜ਼ਾਰਾਂ ਲੋਕਾਂ ਨੂੰ ਰੋਜ਼ਗਾਰ ਵੀ ਮਿਲਦਾ ਹੈ ਤੇ ਇਹ ਟੂਰਿਜ਼ਮ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦਾ ਹੈ।