ਕੈਨੇਡਾ : ਸੋਮਵਾਰ ਨੂੰ ਕੈਨੇਡਾ ਦੇ ਐਬਟਸਫੋਰਡ ਵਿਚ ਪੰਜਾਬ ਦੇ ਇਕ ਕਾਰੋਬਾਰੀ ਦਾ ਕਤਲ ਕਰ ਦਿਤਾ ਗਿਆ। ਮ੍ਰਿਤਕ ਕਾਰੋਬਾਰੀ ਦੀ ਪਛਾਣ ਦਰਸ਼ਨ ਸਿੰਘ ਸਹਾਸੀ (68) ਵਜੋਂ ਹੋਈ ਹੈ, ਜੋ ਕਿ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਦੋਰਾਹਾ ਪਿੰਡ ਦਾ ਰਹਿਣ ਵਾਲਾ ਸੀ। ਉਹ ਕੈਨਮ ਇੰਟਰਨੈਸ਼ਨਲ ਕੰਪਨੀ ਦਾ ਪ੍ਰਧਾਨ ਸੀ, ਜਿਸ ਨੂੰ ਦੁਨੀਆਂ ਦੀਆਂ ਸੱਭ ਤੋਂ ਵੱਡੀਆਂ ਕੱਪੜਿਆਂ ਦੀ ਰੀਸਾਈਕਲਿੰਗ ਕੰਪਨੀਆਂ ਵਿਚੋਂ ਇਕ ਮੰਨਿਆ ਜਾਂਦਾ ਹੈ।
ਪੁਲਿਸ ਦੇ ਅਨੁਸਾਰ, ਸੋਮਵਾਰ ਸਵੇਰੇ 9:30 ਵਜੇ (ਕੈਨੇਡੀਅਨ ਸਮੇਂ ਅਨੁਸਾਰ) ਰਿਜਵਿਊ ਅਤੇ ਸਮਿਟ ਡਰਾਈਵ ਦੇ ਕੋਨੇ ‘ਤੇ ਅਪਣੀ ਕਾਰ ਵਿਚ ਬੈਠੇ ਸਹਾਸੀ ’ਤੇ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਚਲਾਈਆਂ। ਪੁਲਿਸ ਮੌਕੇ ‘ਤੇ ਪਹੁੰਚੀ, ਪਰ ਸਹਾਸੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ।
ਘਟਨਾ ਤੋਂ ਬਾਅਦ, ਪੁਲਿਸ ਨੇ ਇਲਾਕੇ ਵਿਚ ਭਾਰੀ ਸੁਰੱਖਿਆ ਘੇਰਾਬੰਦੀ ਕਰ ਦਿਤੀ ਅਤੇ ਸਾਵਧਾਨੀ ਵਜੋਂ ਨੇੜਲੇ ਤਿੰਨ ਸਕੂਲ ਅਸਥਾਈ ਤੌਰ ‘ਤੇ ਬੰਦ ਕਰ ਦਿਤੇ ਗਏ। ਕੈਨੇਡੀਅਨ ਪੁਲਿਸ ਵਲੋਂ ਜਾਰੀ ਬਿਆਨ ਅਨੁਸਾਰ, ਕਤਲ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ਹੈ ਤੇ ਜਾਂਚ ਸ਼ੁਰੂ ਕਰ ਦਿਤੀ ਗਈ ਹੈ।
ਪੁੱਤਰ ਨੇ ਕਿਹਾ, “ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ।” ਇਸ ਦੌਰਾਨ, ਦਰਸ਼ਨ ਸਿੰਘ ਦੇ ਪੁੱਤਰ ਅਰਪਨ ਨੇ ਕਿਹਾ ਕਿ ਉਸ ਦੇ ਪਿਤਾ ਦੀ ਕਿਸੇ ਨਾਲ ਕੋਈ ਦੁਸ਼ਮਣੀ ਜਾਂ ਝਗੜਾ ਨਹੀਂ ਸੀ। “ਸਾਨੂੰ ਸਮਝ ਨਹੀਂ ਆ ਰਿਹਾ ਕਿ ਇਹ ਕਿਸ ਨੇ ਅਤੇ ਕਿਉਂ ਕੀਤਾ। ਕੋਈ ਧਮਕੀ, ਬਲੈਕਮੇਲ ਜਾਂ ਜਬਰੀ ਵਸੂਲੀ ਦੀ ਮੰਗ ਨਹੀਂ ਕੀਤੀ ਗਈ।” ਅਰਪਨ ਨੇ ਅੱਗੇ ਦੱਸਿਆ ਕਿ ਉਸ ਦੇ ਪਿਤਾ ਪੰਜਾਬ ਵਿਚ ਇਕ ਕਿਸਾਨ ਸਨ, ਫਿਰ ਇਕ ਕਰੂਜ਼ ਜਹਾਜ਼ ‘ਤੇ ਕੰਮ ਕਰਦੇ ਸਨ। ਇਸ ਤੋਂ ਬਾਅਦ, ਉਹ ਕੈਨੇਡਾ ਆਏ ਅਤੇ ਇਕ ਕਾਰੋਬਾਰ ਸ਼ੁਰੂ ਕੀਤਾ। ਉਹ ਹਮੇਸ਼ਾ ਲੋਕਾਂ ਦੀ ਮਦਦ ਕਰਨ ਲਈ ਤਿਆਰ ਰਹਿੰਦੇ ਸਨ।
ਰਿਪੋਰਟਾਂ ਅਨੁਸਾਰ, ਦਰਸ਼ਨ ਸਿੰਘ ਅਤੇ ਉਸ ਦਾ ਪੂਰਾ ਪਰਵਾਰ ਕੈਨੇਡਾ ਵਿਚ ਵਸਿਆ ਹੋਇਆ ਹੈ। ਸਹਾਸੀ ਅਪਣੀ ਵਿੱਤੀ ਸਹਾਇਤਾ ਅਤੇ ਸਮਾਜਕ ਕਾਰਜਾਂ ਲਈ ਸਥਾਨਕ ਪੰਜਾਬੀ ਭਾਈਚਾਰੇ ਵਿਚ ਵੀ ਪ੍ਰਸਿੱਧ ਸੀ।
ਐਬਟਸਫੋਰਡ ਪੁਲਿਸ ਨੇ ਕਤਲ ਦੇ ਪਿੱਛੇ ਦੇ ਉਦੇਸ਼ ਦੀ ਜਾਂਚ ਸ਼ੁਰੂ ਕਰ ਦਿਤੀ ਹੈ। ਪੁਲਿਸ ਨੇ ਕਿਹਾ ਕਿ ਮੁਢਲੀ ਜਾਂਚ ਨਿਸ਼ਾਨਾ ਬਣਾ ਕੇ ਕੀਤੀ ਗਈ ਹਿੰਸਾ ਦਾ ਸੰਕੇਤ ਦਿੰਦੀ ਹੈ, ਪਰ ਉਦੇਸ਼ ਅਜੇ ਵੀ ਸਪੱਸ਼ਟ ਨਹੀਂ ਹੈ। ਜਾਂਚ ਨੂੰ ਏਕੀਕ੍ਰਿਤ ਹੋਮੀਸਾਈਡ ਜਾਂਚ ਟੀਮ ਨੂੰ ਤਬਦੀਲ ਕਰ ਦਿਤਾ ਗਿਆ ਹੈ। ਇਸ ਸਮੇਂ ਇਲਾਕੇ ਵਿਚ ਤਣਾਅ ਹੈ ਅਤੇ ਪੁਲਿਸ ਚੌਕਸ ਹੈ।
ਜ਼ਿਕਰਯੋਗ ਹੈ ਕਿ ਦਰਸ਼ਨ ਸਿੰਘ ਸਾਹਸੀ ਦਾ ਕੈਨਮ ਗਰੁੱਪ ਇਕ ਮੋਹਰੀ ਗਲੋਬਲ ਟੈਕਸਟਾਈਲ ਰੀਸਾਈਕਲਿੰਗ ਕੰਪਨੀ ਹੈ, ਜੋ 40 ਤੋਂ ਵੱਧ ਦੇਸ਼ਾਂ ਵਿਚ ਫੈਲੀ ਹੋਈ ਹੈ। ਕੰਪਨੀ ਨੇ 1990 ਦੇ ਦਹਾਕੇ ਤੋਂ ਟੈਕਸਟਾਈਲ ਉਦਯੋਗ ਵਿਚ ਇਕ ਸਥਾਨ ਬਣਾਇਆ ਹੈ। ਅੱਜ ਤਕ, ਇਸ ਨੇ 2 ਬਿਲੀਅਨ ਪੌਂਡ ਤੋਂ ਵੱਧ ਟੈਕਸਟਾਈਲ ਰਹਿੰਦ-ਖੂੰਹਦ ਨੂੰ ਰੀਸਾਈਕਲ ਕੀਤਾ ਹੈ ਅਤੇ ਹਜ਼ਾਰਾਂ ਲੋਕਾਂ ਨੂੰ ਪਰਵਾਰ ਵਰਗੇ ਮਾਹੌਲ ਵਿਚ ਰੁਜ਼ਗਾਰ ਪ੍ਰਦਾਨ ਕੀਤਾ ਗਿਆ ਹੈ। 1,800 ਤੋਂ ਵੱਧ ਕਰਮਚਾਰੀ ਕੰਪਨੀ ਨਾਲ ਜੁੜੇ ਹੋਏ ਹਨ। ਕੰਪਨੀ ਹਰ ਰੋਜ਼ ਲਗਭਗ 500,000 ਪੌਂਡ ਟੈਕਸਟਾਈਲ ਦੀ ਮੁੜ ਵਰਤੋਂ ਅਤੇ ਰੀਸਾਈਕਲ ਕਰਦੀ ਹੈ।
