ਟੋਰਾਂਟੋ : ਕੈਨੇਡਾ ਪੋਸਟ ਵੱਲੋਂ ਮੁਲਕ ਦੀ ਸਭਿਆਚਾਰਕ ਵੰਨ-ਸੁਵੰਨਤਾ ਨੂੰ ਦਰਸਾਉਂਦਿਆਂ ਦਿਵਾਲੀ ਮੌਕੇ ਖਾਸ ਡਾਕ ਟਿਕਟ ਜਾਰੀ ਕੀਤੀ ਗਈ ਹੈ। ਰੌਸ਼ਨੀਆਂ ਦੇ ਤਿਉਹਾਰ ਨੂੰ ਸਮਰਪਿਤ ਡਾਕ ਟਿਕਟ ਰਿਤੂ ਕਨਾਲ ਵੱਲੋਂ ਡਿਜ਼ਾਈਨ ਕੀਤੀ ਗਈ ਹੈ ਜਿਸ ਵਿਚ ਦੀਵਿਆਂ ਦੇ ਰੂਪ ਵਿਚ ਰੰਗੋਲੀ ਨਜ਼ਰ ਆਉਂਦੀ ਹੈ ਅਤੇ ਹਿੰਦੀ ਤੇ ਅੰਗਰੇਜ਼ੀ ਵਿਚ ਦਿਵਾਲੀ ਸ਼ਬਦ ਲਿਖਿਆ ਹੋਇਆ ਹੈ। ਕੈਨੇਡਾ ਪੋਸਟ ਵੱਲੋਂ 2017 ਤੋਂ ਦਿਵਾਲੀ ਮੌਕੇ ਡਾਕ ਟਿਕਟਾਂ ਜਾਰੀ ਕਰਨ ਦਾ ਸਿਲਸਿਲਾ ਜਾਰੀ ਹੈ। ਦੂਜੇ ਪਾਸੇ ਅਮਰੀਕਾ ਦੇ ਹਿਊਸਟਨ ਵਿਖੇ ਭਾਰਤੀ ਕੌਂਸਲੇਟ ਵੱਲੋਂ ਰੌਸ਼ਨੀਆਂ ਦੇ ਤਿਉਹਾਰ ਨਾਲ ਸਬੰਧਤ ਸਮਾਗਮ ਕਰਵਾਇਆ ਗਿਆ। ਹਿਊਸਟਨ ਸਿਟੀ ਹਾਲ ਵਿਚ ਕਰਵਾਏ ਸਮਾਗਮ ਦੀ ਅਗਵਾਈ ਕੌਂਸਲ ਜਨਰਲ ਡੀ.ਸੀ. ਮੰਜੂਨਾਥ ਅਤੇ ਸ਼ਹਿਰ ਦੇ ਮੇਅਰ ਜੌਹਨ ਵਿਟਮਾਇਰ ਨੇ ਕੀਤੀ ਜਦਕਿ ਭਾਰਤੀ ਮੂਲ ਦੇ ਲੋਕਾਂ ਤੋਂ ਇਲਾਵਾ ਨਾਮੀ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ।
ਹਿਊਸਟਨ ਵਿਖੇ ਭਾਰਤੀ ਕੌਂਸਲੇਟ ਨੇ ਕਰਵਾਇਆ ਦਿਵਾਲੀ ਸਮਾਗਮ
ਮੇਅਰ ਵਿਟਮਾਇਰ ਨੇ ਕਿਹਾ ਕਿ ਦਿਵਾਲੀ ਦੀਆਂ ਵਧਾਈਆਂ ਕਿਹਾ ਕਿ ਉਹ ਭਾਰਤੀ ਮੂਲ ਦੇ ਲੋਕਾਂ ਨਾਲ ਇਨ੍ਹਾਂ ਜਸ਼ਨਾਂ ਵਿਚ ਸ਼ਾਮਲ ਹੁੰਦਿਆਂ ਮਾਣ ਮਹਿਸੂਸ ਕਰ ਰਹੇ ਹਨ। ਕੌਂਸਲ ਜਨਰਲ ਮੰਜੂਨਾਥ ਵੱਲੋਂ ਮੇਅਰ ਅਤੇ ਹੋਰ ਪਤਵੰਤੇ ਸੱਜਣਾਂ ਦਾ ਸ਼ੁਕਰੀਆ ਅਦਾ ਕੀਤਾ ਗਿਆ ਜਿਨ੍ਹਾਂ ਨੇ ਸਮਾਗਮ ਦੀਆਂ ਰੌਣਕਾਂ ਵਿਚ ਵਾਧਾ ਕੀਤਾ। ਸਮਾਗਮ ਵਿਚ ਪੁੱਜੇ ਲੋਕਾਂ ਦੇ ਮਨੋਰੰਜਨ ਵਾਸਤੇ ਕੱਥਕ ਨ੍ਰਿਤ ਦੀ ਪੇਸ਼ਕਾਰੀ ਕੀਤੀ ਗਈ ਜੋ ਭਾਰਤ ਦੀ ਪੁਰਾਤਨ ਕਲਾ ਨੂੰ ਦਰਸਾਉਂਦਾ ਹੈ। ਦੱਸ ਦੇਈਏ ਕਿ ਕੈਨੇਡਾ ਦੇ ਕੁਝ ਸ਼ਹਿਰਾਂ ਵਿਚ ਦਿਵਾਲੀ ਮੌਕੇ ਪਟਾਕਿਆਂ ਉਤੇ ਪਾਬੰਦੀ ਦਾ ਮੁੱਦਾ ਭਖਿਆ ਹੋਇਆ ਹੈ। ਮਿਸੀਸਾਗਾ ਸਿਟੀ ਕੌਂਸਲ ਵੱਲੋਂ ਇਸ ਵਾਰ ਪਟਾਕੇ ਚਲਾਉਣ ਦੀ ਇਜਾਜ਼ਤ ਤਾਂ ਦਿਤੀ ਗਈ ਹੈ ਪਰ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਵੀ ਕਰਨੀ ਹੋਵੇਗੀ। ਮੇਅਰ ਕੈਰੋਲਿਨ ਪੈਰਿਸ਼ ਨੇ ਦੱਸਿਆ ਕਿ ਕੈਨੇਡੀਅਨ ਨੈਸ਼ਨਲ ਕੌਂਸਲ ਆਫ਼ ਹਿੰਦੂਜ਼ ਦੇ ਨੁਮਾਇੰਦੇ ਉਨ੍ਹਾਂ ਨੂੰ ਮਿਲੇ ਅਤੇ ਪਟਾਕਿਆਂ ਚਲਾਉਣ ਦੇ ਢੰਗ ਤਰੀਕਿਆਂ ਬਾਰੇ ਜਾਗਰੂਕਤਾ ਫੈਲਾਉਣ ਦਾ ਵਾਅਦਾ ਕੀਤਾ। ਸਿਟੀ ਸਟਾਫ਼ ਵੱਲੋਂ ਲੋਕ ਸੁਰੱਖਿਆ ਦੇ ਮੱਦੇਨਜ਼ਰ ਪਟਾਕਿਆਂ ਉਤੇ ਮੁਕੰਮਲ ਪਾਬੰਦੀ ਦੀ ਸਿਫ਼ਾਰਸ਼ ਕਰਦੀ ਰਿਪੋਰਟ ਮੇਅਰ ਨੂੰ ਸੌਂਪੀ ਗਈ ਹੈ ਅਤੇ ਇਸ ਨੂੰ ਲਾਗੂ ਕੀਤੇ ਜਾਣ ’ਤੇ ਆਉਂਦੇ 2 ਜਨਵਰੀ ਤੋਂ ਪਾਬੰਦੀ ਲੱਗ ਸਕਦੀ ਹੈ।