ਓਨਟਾਰੀਓ— ਕੈਨੇਡਾ ਦੇ ਸੂਬੇ ਓਨਟਾਰੀਓ ‘ਚ ਵੀਰਵਾਰ ਰਾਤ ਨੂੰ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਇਸ ਨਾਲ ਕਿਸੇ ਤਰ੍ਹਾਂ ਦਾ ਨੁਕਸਾਨ ਹੋਣ ਦੀ ਕੋਈ ਖਬਰ ਨਹੀਂ ਹੈ। ਦੱਖਣੀ-ਪੱਛਮੀ ਓਨਟਾਰੀਓ ‘ਚ ਭੂਚਾਲ ਦੇ ਝਟਕੇ ਲੱਗਣ ‘ਤੇ ਕਈ ਲੋਕਾਂ ਨੇ ਅਮਰੀਕੀ ਭੂ-ਵਿਗਿਆਨੀਆਂ ਨਾਲ ਇਸ ਸੰਬੰਧੀ ਗੱਲ ਕੀਤੀ। ਅਮਰੀਕੀ ਭੂ-ਵਿਗਿਆਨੀਆਂ ਮੁਤਾਬਕ ਭੂਚਾਲ ਦੀ ਤੀਬਰਤਾ 3.6 ਮਾਪੀ ਗਈ ਜਦ ਕਿ ਬਾਅਦ ‘ਚ ਕਿਹਾ ਗਿਆ ਕਿ ਇਸ ਦੀ ਤੀਬਰਤਾ 3.9 ਸੀ। ਵਿੰਡਸਰ ਅਤੇ ਐਮਹਰਸਬਰਗ ਦੇ ਪੁਲਸ ਵਿਭਾਗਾਂ ਵੱਲੋਂ ਟਵੀਟ ਕਰਕੇ ਭੂਚਾਲ ਦੀ ਖਬਰ ਸਾਂਝੀ ਕੀਤੀ ਗਈ ਸੀ ਅਤੇ ਉਨ੍ਹਾਂ ਦੱਸਿਆ ਕਿ ਇਸ ਕਾਰਨ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ।
ਕੈਨੇਡਾ ਦੇ ਭੂ-ਵਿਗਿਆਨੀਆਂ ਨੇ ਦੱਸਿਆ ਕਿ ਹਰ ਸਾਲ ਕੈਨੇਡਾ ‘ਚ ਭੂਚਾਲ ਦੇ ਹਜ਼ਾਰਾਂ ਝਟਕੇ ਲੱਗਦੇ ਹਨ। ਵਧੇਰੇ ਕਰਕੇ ਪੱਛਮੀ ਕੈਨੇਡਾ ‘ਚ ਭੂਚਾਲ ਆਉਂਦਾ ਹੈ ਅਤੇ ਹਫਤੇ ‘ਚ ਇਕ ਭੂਚਾਲ ਦੇ ਝਟਕੇ ਹੀ ਲੋਕਾਂ ਨੂੰ ਮਹਿਸੂਸ ਹੁੰਦੇ ਹਨ। ਵਧੇਰੇ ਕਰਕੇ ਹਲਕੇ ਝਟਕੇ ਹੋਣ ਕਾਰਨ ਇਨ੍ਹਾਂ ਕਾਰਨ ਕੋਈ ਨੁਕਸਾਨ ਨਹੀਂ ਹੁੰਦਾ।
ਕੈਨੇਡਾ ਦੇ ਭੂਚਾਲ ਵਿਗਿਆਨੀ ਨਿੱਕ ਐਕੇਰਲੀ ਨੇ ਦੱਸਿਆ ਕਿ ਭੂਚਾਲ ਦੀ ਜ਼ਮੀਨ ‘ਚ ਗਹਿਰਾਈ 10 ਕਿਲੋਮੀਟਰ ਤੋਂ 20 ਕਿਲੋਮੀਟਰ ਤਕ ਸੀ। ਇਸ ਦਾ ਪ੍ਰਭਾਵ 100 ਕਿਲੋਮੀਟਰ ਦੇ ਇਲਾਕੇ ਤਕ ਮਹਿਸੂਸ ਕੀਤਾ ਗਿਆ। ਹੋ ਸਕਦਾ ਹੈ ਕਿ ਇਸ ਮਗਰੋਂ ਭੂਚਾਲ ਦੇ ਹੋਰ ਵੀ ਝਟਕੇ ਮਹਿਸੂਸ ਕੀਤੇ ਜਾਣ।