ਕੈਨੇਡਾ ਦੇ ਸਰੀ ‘ਚ ਇੱਕ ਪੰਜਾਬਣ ਕੁੜੀ ਦੀ ਭੇਦਭਰੇ ਹਾਲਾਤਾਂ ਵਿੱਚ ਮੌਤ ਹੋ ਗਈ ਹੈ। ਮ੍ਰਿਤਿਕ ਲੜਕੀ ਦੀ ਪਛਾਣ ਸਿਮਰਨ ਕੌਰ ਖੱਟੜਾ ਵਜੋਂ ਹੋਈ ਹੈ, ਜੋ ਕਿ ਸਰੀ ਦੀ ਰਹਿਣ ਵਾਲੀ ਸੀ। ਹਾਲਾਂਕਿ ਮੌਤ ਦੇ ਅਸਲ ਕਾਰਨਾਂ ਦਾ ਹਾਲੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ ਹੈ, ਪਰ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਹੈ।
ਜਾਣਕਾਰੀ ਅਨੁਸਾਰ ਸਿਮਰਨ ਕੌਰ ਇੱਕ ਮਹੀਨਾ ਪਹਿਲਾਂ ਲਾਪਤਾ ਹੋ ਗਈ ਸੀ। ਪੁਲਿਸ ਅਧਿਕਾਰੀਆਂ ਵੱਲੋਂ ਸਿਮਰਨ ਦੇ ਪਰਿਵਾਰ ਨੂੰ ਦਿੱਤੀ ਗਈ ਜਾਣਕਾਰੀ ਮੁਤਾਬਕ ਲੰਘੀ 19 ਮਈ ਨੂੰ ਪੁਲਿਸ ਨੂੰ ਫ਼ਰੇਜ਼ਰ ਦਰਿਆ ਵਿੱਚੋਂ ਇੱਕ ਲਾਸ਼ ਮਿਲੀ ਸੀ, ਜਿਸਦੀ ਸ਼ਨਾਖਤ ਕਰਨ ਲਈ ਪੁਲਿਸ ਨੂੰ ਤਕਰੀਬਨ ਇੱਕ ਹਫ਼ਤੇ ਦਾ ਸਮਾਂ ਲੱਗ ਗਿਆ ਸੀ। ਪਰਿਵਾਰ ਮੁਤਾਬਕ ਸਿਮਰਨ ਦੀ ਲਾਸ਼ ਜ਼ਖਮੀ ਹਾਲਤ ਵਿੱਚ ਮਿਲੀ , ਜਿਸਦੀ ਸ਼ਨਾਖਤ ਕਰਨੀ ਬਹੁਤ ਕਠਿਨ ਬਣੀ ਹੋਈ ਸੀ।
ਦੱਸਿਆ ਜਾ ਰਿਹਾ ਹੈ ਕਿ 19 ਸਾਲਾ ਸਿਮਰਨ ਕੌਰ ਖੱਟੜਾ ਨੂੰ ਆਖਰੀ ਵਾਰ 27 ਅਪ੍ਰੈਲ ਨੂੰ ਸ਼ਾਮ ਦੇ 6:30 ਵਜੇ ਸਰੀ ਵਿੱਚ 88 ਐਵੇਨਿਊ ਅਤੇ 133 ਸਟਰੀਟ ਦੇ ਨਜ਼ਦੀਕ ਦੇਖਿਆ ਗਿਆ ਸੀ। ਜਿਸ ਤੋਂ ਬਾਅਦ ਉਸਦਾ ਕੋਈ ਅਤਾ-ਪਤਾ ਨਹੀਂ ਲੱਗਿਆ। 19 ਮਈ ਨੂੰ ਪੁਲਿਸ ਨੂੰ ਫ਼ਰੇਜ਼ਰ ਦਰਿਆ ਵਿੱਚੋਂ ਸਿਮਰਨ ਦੀ ਲਾਸ਼ ਬਰਾਮਦ ਹੋਈ ਸੀ। ਸਿਮਰਨ ਦੀ ਮੌਤ ਦੀ ਖਬਰ ਸੁਣਦਿਆਂ ਹੀ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।
ਦੱਸ ਦੇਈਏ ਕਿ ਪਰਿਵਾਰ ਵੱਲੋਂ ਸਿਮਰਨ ਦੀ ਭਾਲ ਲਈ 10 ਹਜ਼ਾਰ ਡਾਲਰ ਦੇ ਇਨਾਮ ਦਾ ਐਲਾਨ ਵੀ ਕੀਤਾ ਗਿਆ ਸੀ ਤੇ ਜਨਤਕ ਥਾਵਾਂ ‘ਤੇ ਸਿਮਰਨ ਦੇ ਪੋਸਟਰ ਵੀ ਲਗਾਏ ਸਨ। ਜਿਸ ਤੋਂ ਬਾਅਦ ਉਸਦੀ ਲਗਾਤਾਰ ਭਾਲ ਕੀਤੀ ਜਾ ਰਹੀ ਸੀ ਪਰ 19 ਸਾਲਾਂ ਸਿਮਰਨ ਦੀ ਹੁਣ ਭੇਦਭਰੇ ਹਾਲਾਤਾਂ ਵਿੱਚ ਮੌਤ ਹੋਣ ਮਗਰੋਂ ਲਾਸ਼ ਮਿਲੀ ਹੈ। ਪੁਲਿਸ ਵੱਲੋਂ CCTV ਖੰਗਾਲ ਜਾ ਰਹੇ ਹਨ ਤੇ ਲੋਕਾਂ ਕੋਲੋਂ ਇਸ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ। ਸਿਮਰਨ ਦੇ ਪਿਤਾ ਨੇ ਦੱਸਿਆ ਕਿ ਉਸਦੀ ਧੀ ਕਦੇ ਖੁਦਕਸ਼ੀ ਨਹੀਂ ਕਰ ਸਕਦੀ , ਉਹ ਖੇਡ ਭਾਵਨਾ ਨਾਲ ਭਰੀ ਹੋਈ ਦਲੇਰ ਲੜਕੀ ਸੀ। ਸਿਮਰਨ ਖੱਟੜਾ ਦੀ ਲਾਸ਼ ਮਿਲਣ ਦੀ ਖ਼ਬਰ ਸੁਣ ਕੇ ਸਰੀ ਵੱਸਦੇ ਪੰਜਾਬੀ ਭਾਈਚਾਰੇ ਵਿੱਚ ਸੋਗ ਦੀ ਲਹਿਰ ਫੈਲ ਰਹੀ ਹੈ।