ਰਿਚਮੰਡ— ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਰਿਚਮੰਡ ‘ਚ ਸੋਮਵਾਰ ਦੀ ਸਵੇਰ ਨੂੰ ਇਕ ਘਰ ‘ਚੋਂ ਦੋ ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਕੈਨੇਡੀਅਨ ਪੁਲਸ ਨੇ ਇਹ ਜਾਣਕਾਰੀ ਦਿੱਤੀ ਹੈ। ਪੁਲਸ ਮੁਤਾਬਕ ਉਨ੍ਹਾਂ ਨੂੰ ਸੋਮਵਾਰ ਦੀ ਸਵੇਰ ਨੂੰ ਗੋਲੀਬਾਰੀ ਹੋਣ ਦੀ ਰਿਪੋਰਟ ਮਿਲੀ। ਪੁਲਸ ਨੇ ਦੱਸਿਆ ਕਿ ਉਨ੍ਹਾਂ ਨੂੰ 6600-ਬਲਾਕ ਦੇ ਇਕਸਰਲੇ ਰੋਡ ‘ਤੇ ਸਥਿਤ ਘਰ ‘ਚੋਂ ਫੋਨ ਜ਼ਰੀਏ ਘਟਨਾ ਦੀ ਸੂਚਨਾ ਮਿਲੀ। ਪੁਲਸ ਨੇ ਦੱਸਿਆ ਕਿ ਤੜਕਸਾਰ 2.30 ਵਜੇ ਘਟਨਾ ਦੀ ਜਾਣਕਾਰੀ ਮਿਲੀ। 
ਪੁਲਸ ਇੰਸਪੈਕਟਰ ਫਰੈਕ ਜੰਗ ਨੇ ਕਿਹਾ ਕਿ ਜਦੋਂ ਜਾਂਚ ਟੀਮ ਘਟਨਾ ਵਾਲੀ ਥਾਂ ‘ਤੇ ਪੁੱਜੀ ਤਾਂ ਉਨ੍ਹਾਂ ਨੂੰ ਘਰ ‘ਚ ਇਕ ਪੁਰਸ਼ ਅਤੇ ਇਕ ਔਰਤ ਦੀ ਲਾਸ਼ ਮਿਲੀ। 
ਜੰਗ ਨੇ ਕਿਹਾ ਕਿ ਪੁਲਸ ਦਾ ਮੰਨਣਾ ਹੈ ਕਿ ਦੋਹਾਂ ਨੂੰ ਘਰ ‘ਚ ਨਿਸ਼ਾਨਾ ਬਣਾ ਕੇ ਮਾਰਿਆ ਗਿਆ, ਜੋ ਕਿ ਇਕ ਪਾਰਕ ਅਤੇ ਸਕੂਲ ਦੇ ਨੇੜੇ ਹੈ। ਪੁਲਸ ਦਾ ਕਹਿਣਾ ਹੈ ਕਿ ਪੀੜਤਾਂ ਦੀ ਪਛਾਣ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਫੋਰੈਂਸਿਕ ਸਪੈਸ਼ਲ ਟੀਮ ਦੇ ਅਧਿਕਾਰੀ ਅਤੇ ਕੈਨੇਡੀਅਨ ਪੁਲਸ ਮੌਕੇ ‘ਤੇ ਘਟਨਾ ਦੀ ਜਾਂਚ ‘ਚਜੁਟੀ ਹੋਈ ਹੈ।