ਓਟਾਵਾ – ਐਨ. ਡੀ. ਪੀ. ਐੱਮ. ਪੀ. ਨੇ ਸਫਲਤਾਪੂਰਵਕ ਅਪੀਲ ਕਰਕੇ ਆਪਣੇ ਬਿੱਲ ‘ਤੇ ਗੁਪਤ ਵੋਟਿੰਗ ਕਰਵਾਉਣ ਦਾ ਅਧਿਕਾਰ ਜਿੱਤ ਲਿਆ। ਹੁਣ ਇਸ ਬਿੱਲ ‘ਤੇ ਪਾਰਲੀਮੈਂਟ ਦੇ ਮੈਂਬਰ ਸੀਕਰਟ ਵੋਟ ਪਾਉਣਗੇ।
ਐਨ. ਡੀ. ਪੀ. ਐੱਮ. ਪੀ. ਸ਼ੀਲਾ ਮੈਲਕਮਸਨ ਵੱਲੋਂ ਲਿਆਂਦੇ ਗਏ ਪ੍ਰਾਈਵੇਟ ਮੈਂਬਰ ਬਿੱਲ ਨੂੰ ਕਮੇਟੀ ਵੱਲੋਂ ਵੋਟ ਪਾਉਣ ਦੇ ਯੋਗ ਨਾ ਹੋਣ ਤੁਲ ਕਰਾਰ ਦਿੱਤਾ ਗਿਆ। ਇਸ ਨਾਲ ਬਿੱਲ ਨੇ ਖ਼ਤਮ ਹੋ ਜਾਣਾ ਸੀ। ਪਰ ਮੈਲਕਮਸਨ ਨੇ ਪਹਿਲਾਂ ਕਦੇ ਵੀ ਨਾ ਵਰਤੇ ਗਏ ਢੰਗ ਨੂੰ ਅਪਣਾ ਕੇ ਇਸ ਬਿੱਲ ਨੂੰ ਮੁੜ ਪੇਸ਼ ਕਰਨ ਦਾ ਫੈਸਲਾ ਕੀਤਾ ਅਤੇ ਹਾਊਸ ਸਪੀਕਰ ਜੈੱਫ ਰੀਗਨ ਨੇ ਵੀਰਵਾਰ ਨੂੰ ਮੈਲਕਮਸਨ ਦੇ ਪੱਖ ਵਿੱਚ ਫੈਸਲਾ ਸੁਣਾਇਆ।
ਹੁਣ ਐਮਪੀਜ਼ ਇੱਕ ਗੁਪਤ ਵੋਟ ਰਾਹੀਂ ਇਹ ਤੈਅ ਕਰਨਗੇ ਕਿ ਬਿੱਲ ਦੇ ਸਬੰਧ ‘ਚ ਕਮੇਟੀ ਦਾ ਫੈਸਲਾ ਸਹੀ ਹੈ ਜਾਂ ਨਹੀਂ। ਇਹ ਵੋਟ ਅਗਲੇ ਮੰਗਲਵਾਰ ਅਤੇ ਬੁੱਧਵਾਰ ਨੂੰ ਪਾਇਆ ਜਾਵੇਗਾ। ਗੁਪਤ ਵੋਟਿੰਗ ਤਹਿਤ ਹਰ ਐੱਮ. ਪੀ. ਪ੍ਰਾਈਵੇਟ ਤੌਰ ‘ਤੇ ਇਸ ਬਿੱਲ ਦੇ ਸਬੰਧ ‘ਚ ਵੋਟ ਕਰੇਗਾ। ਆਮ ਤੌਰ ‘ਤੇ ਸਰਕਾਰ ਚਾਹੁੰਦੀ ਹੁੰਦੀ ਹੈ ਕਿ ਉਸ ਦੇ ਐੱਮ. ਪੀਜ਼. ਪਾਰਟੀ ਦੀਆਂ ਨੀਤੀਆਂ ਦੇ ਮੁਤਾਬਕ ਹੀ ਵੋਟ ਕਰਨ। ਕੈਨੇਡਾ ਦੇ ਇਤਿਹਾਸ ‘ਚ ਪਹਿਲੀ ਵਾਰੀ ਗੁਪਤ ਵੋਟਿੰਗ ਵਿਧੀ ਦਾ ਇਸਤੇਮਾਲ ਕੀਤਾ ਜਾਵੇਗਾ।
ਮੈਲਕਮਸਨ ਨੇ ਆਪਣਾ ਪੱਖ ਲੈਣ ਲਈ ਸਪੀਕਰ ਦਾ ਧੰਨਵਾਦ ਕੀਤਾ। ਉਨ੍ਹਾਂ ਆਖਿਆ ਕਿ ਉਹ ਸਾਰੇ ਮੈਂਬਰਾਂ ਨੂੰ ਹੱਲਾਸ਼ੇਰੀ ਦੇਵੇਗੀ ਕਿ ਉਹ ਇਸ ਬਿੱਲ ਦੇ ਸਬੰਧ ‘ਚ ਜ਼ਰੂਰ ਵੋਟ ਕਰਨ। 9 ਨਵੰਬਰ ਨੂੰ ਲਿਬਰਲਾਂ ਦੀ ਬਹੁ-ਗਿਣਤੀ ਵਾਲੀ ਹਾਊਸ ਅਫੇਅਰਜ਼ ਕਮੇਟੀ ਵੱਲੋਂ ਮੈਲਕਮਸਨ ਦੇ ਬਿੱਲ ਨੂੰ ਇਸ ਲਈ ਵੋਟ ਪਾਉਣ ਯੋਗ ਕਰਾਰ ਨਹੀਂ ਦਿੱਤਾ ਗਿਆ ਸੀ ਕਿਉਂਕਿ ਉਸ ਦੇ ਬਿੱਲ ਦਾ ਵਿਸ਼ਾ ਵੀ ਸਰਕਾਰ ਵੱਲੋਂ ਲਿਆਂਦੇ ਬਿੱਲ ਵਾਲਾ ਸੀ ਪਰ ਸਰਕਾਰ ਨੇ ਆਪਣਾ ਬਿੱਲ ਮੈਲਕਮਸਨ ਦੇ ਬਿੱਲ ਤੋਂ ਬਾਅਦ ਪੇਸ਼ ਕੀਤਾ ਸੀ। ਦੋਵੇਂ ਬਿੱਲ ਇੱਕੋ ਵਿਸੇ਼ ਬਾਰੇ ਹਨ ਪਰ ਉਹ ਇੱਕੋ ਜਿਹੇ ਮੁੱਦੇ ਕਵਰ ਨਹੀਂ ਕਰਦੇ।