ਮਾਂਟਰੀਅਲ— ਕੈਨੇਡਾ ਦੀ ਸਭ ਤੋਂ ਵੱਡੀ ਆਇਲ ਰਿਫਾਇਨਰੀ ‘ਚ ਧਮਾਕਾ ਹੋਣ ਦੀ ਖਬਰ ਮਿਲੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਰਿਫਾਇਨਰੀ ‘ਚ ਧਮਾਕੇ ਤੋਂ ਬਾਅਦ ਅੱਗ ਲੱਗਣਾ ਇਕ ਵੱਡੀ ਘਟਨਾ ਹੈ। ਇਕ ਅੰਗ੍ਰੇਜ਼ੀ ਅਖਬਾਰ ਮੁਤਾਬਕ ਇਸ ਹਾਦਸੇ ‘ਚ 2 ਲੋਕਾਂ ਦੇ ਜ਼ਖਮੀ ਹੋਣ ਦੀ ਜਾਣਕਾਰੀ ਹੈ। ਜਾਣਕਾਰੀ ਮੁਤਾਬਕ ਇਹ ਧਮਾਕਾ ਨਿਊ ਬ੍ਰਨਸਵਿਕ ਦੀ ਇਰਵਿੰਗ ਆਇਲ ਰਿਫਾਇਨਰੀ ‘ਚ ਹੋਇਆ ਹੈ।

ਸੋਸ਼ਲ ਮੀਡੀਆ ‘ਤੇ ਪੋਸਟ ਹੋਈਆਂ ਤਸਵੀਰਾਂ ਤੋਂ ਪਤਾ ਲੱਗ ਰਿਹਾ ਹੈ ਕਿ ਰਿਫਾਇਨਰੀ ‘ਚ ਧਮਾਕੇ ਤੋਂ ਬਾਅਦ ਲੱਗੀ ਅੱਗ ‘ਚੋਂ ਕਾਲਾ ਧੂੰਆ ਨਿਕਲ ਰਿਹਾ ਹੈ। ਇਹ ਕੈਨੇਡਾ ਦੀ ਸਭ ਤੋਂ ਵੱਡੀ ਰਿਫਾਇਨਰੀ ਹੈ ਤੇ ਇਸ ਦੀ ਸਮਰਥਾ 3 ਲੱਖ ਬੈਰਲ ਪ੍ਰਤੀ ਦਿਨ ਹੈ। ਰਿਫਾਇਨਰੀ ਦੇ ਨੇੜੇ ਰਹਿਣ ਵਾਲੇ ਇਕ ਵਿਅਕਤੀ ਨੇ ਦੱਸਿਆ ਕਿ ਧਮਾਕੇ ਕਾਰਨ ਉਸ ਦੇ ਘਰ ਦੀਆਂ ਕੰਧਾਂ ਤੱਕ ਕੰਬ ਗਈਆਂ। ਕੰਪਨੀ ਨੇ ਟਵਿਟਰ ‘ਤੇ ਇਸ ਧਮਾਕੇ ਦੀ ਪੁਸ਼ਟੀ ਕੀਤੀ ਹੈ ਕਿ ਰਿਫਾਇਨਰੀ ‘ਚ ਵੱਡੀ ਘਟਨਾ ਵਾਪਰੀ ਹੈ।