ਟੋਰਾਂਟੋ — ਅਮਰੀਕਾ ਅਤੇ ਕੈਨੇਡਾ ਵਿਚਾਲੇ ਮੁਕਤ ਵਪਾਰ ਗੱਲਬਾਤ ਦੇ ਜ਼ੋਰ ਫੜਨ ਦਰਮਿਆਨ ਕੈਨੇਡਾ ਦੀ ਵਿਦੇਸ਼ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਸੰਯੁਕਤ ਰਾਸ਼ਟਰ ਵਿਚ ਆਪਣਾ ਸੰਬੋਧਨ ਟਾਲ ਦਿੱਤਾ। ਫਰੀਲੈਂਡ ਨੇ ਸ਼ਨੀਵਾਰ ਨੂੰ ਨਿਊਯਾਰਕ ਵਿਚ ਸੰਯੁਕਤ ਮਹਾਸਭਾ ਦੀ ਬੈਠਕ ਨੂੰ ਸੰਬੋਧਨ ਕਰਨ ਵਾਲੀ ਸੀ ਪਰ ਕੈਨੇਡਾ ਨੇ ਆਪਣੇ ਸੰਬੋਧਨ ਦਾ ਸਮਾਂ ਕਿਸੇ ਹੋਰ ਦੇਸ਼ ਨੂੰ ਦੇ ਦਿੱਤਾ। ਫਰੀਲੈਂਡ ਸੋਮਵਾਰ ਨੂੰ ਮਹਾਸਭਾ ਦੇ ਸੈਸ਼ਨ ਨੂੰ ਸੰਬੋਧਿਤ ਕਰੇਗੀ ਜਾਂ ਨਹੀਂ, ਇਹ ਅਜੇ ਤੈਅ ਨਹੀਂ ਹੈ।

ਕੈਨੇਡਾ, ਅਮਰੀਕਾ ਦਾ ਦੂਜਾ ਸਭ ਤੋਂ ਵੱਡਾ ਵਪਾਰਕ ਸਾਂਝੇਦਾਰ ਹੈ। ਪਿਛਲੇ ਮਹੀਨੇ ਉੱਤਰੀ ਅਮਰੀਕੀ ਮੁਕਤ ਵਪਾਰ ਸਮਝੌਤੇ (ਨਾਫਟਾ) ਵਿਚ ਫੇਰਬਦਲ ਲਈ ਅਮਰੀਕਾ ਅਤੇ ਮੈਕਸੀਕੋ ਦਰਮਿਆਨ ਹੋਏ ਸਮਝੌਤੇ ਤੋਂ ਕੈਨੇਡਾ ਨੂੰ ਬਾਹਰ ਹੀ ਰੱਖਿਆ ਗਿਆ ਸੀ। ਅਮਰੀਕਾ ਅਤੇ ਕੈਨੇਡਾ ‘ਤੇ ਐਤਵਾਰ ਤਕ ਸਮਝੌਤਾ ਪੂਰਾ ਕਰਨ ਦਾ ਦਬਾਅ ਹੈ। ਐਤਵਾਰ ਨੂੰ ਅਮਰੀਕਾ ਨੂੰ ਮੈਕਸੀਕੋ ਨਾਲ ਹੋਏ ਸਮਝੌਤੇ ਦੀ ਵਿਸ਼ਾ-ਵਸਤੂ ਨੂੰ ਜਨਤਕ ਕਰਨਾ ਹੈ।