ਮੌਂਟਰੀਅਲ : ਕੈਨੇਡਾ ਦੇ ਮੌਂਟਰੀਅਲ ਸ਼ਹਿਰ ਨੇੜੇ ਸ਼ੈਟੂਗੇ ਕਸਬੇ ਦੀ ਇਕ ਮਸਜਿਦ ਵਿਚ ਛੁਰੇਬਾਜ਼ੀ ਦੌਰਾਨ ਤਿੰਨ ਜਣਿਆਂ ਦੇ ਜ਼ਖਮੀ ਹੋਣ ਦੀ ਰਿਪੋਰਟ ਹੈ ਜਦਕਿ 24 ਸਾਲ ਦੇ ਸ਼ੱਕੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਛੁਰਾ ਲੈ ਕੇ ਮਸਜਿਦ ਵਿਚ ਦਾਖਲ ਹੋਏ ਸ਼ੱਕੀ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਘਟਨਾ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ ਹੈ। ਮਸਜਿਦ ਦੇ ਪ੍ਰਬੰਧਕ ਰਸ਼ੀਦ ਅਜ਼ਮਾਨ ਨੇ ਦੱਸਿਆ ਕਿ ਸ਼ੁੱਕਰਵਾਰ ਬਾਅਦ ਦੁਪਹਿਰ ਇਕ ਅਣਪਛਾਤਾ ਸ਼ਖਸ ਮਸਜਿਦ ਵਿਚ ਦਾਖਲ ਹੋਇਆ ਜੋ ਅਜੀਬੋ-ਗਰੀਬ ਹਰਕਤਾਂ ਕਰ ਰਿਹਾ ਸੀ। ਕਦੇ ਉਹ ਕੁਰਸੀਆਂ ’ਤੇ ਬੈਠ ਜਾਂਦਾ ਅਤੇ ਕਦੇ ਭੂੰਜੇ ਬੈਠਣ ਦਾ ਯਤਨ ਕਰਦਾ। ਹਾਲਾਤ ਨੂੰ ਵੇਖਦਿਆਂ ਭਾਈਚਾਰੇ ਦੇ ਮੈਂਬਰਾਂ ਨੇ ਨਮਾਜ਼ ਟਾਲਣ ਦਾ ਫੈਸਲਾ ਲਿਆ ਅਤੇ ਕੁਝ ਲੋਕ ਉਸ ਅਣਪਛਾਤੇ ਸ਼ਖਸ ਵੱਲ ਗਏ। ਸ਼ੱਕੀ ਨੂੰ ਗੱਲਬਾਤ ਲਈ ਮਸਜਿਦ ਦੀ ਬੇਸਮੈਂਟ ਵਿਚ ਲਿਆਉਣ ਦਾ ਯਤਨ ਕੀਤਾ ਗਿਆ ਤਾਂ ਕਿ ਜ਼ਮੀਨੀ ਹਾਲਾਤ ਬਾਰੇ ਪਤਾ ਲੱਗ ਸਕੇ ਪਰ ਉਹ ਪੌੜੀਆਂ ਉਤਰਨ ਨੂੰ ਤਿਆਰ ਨਹੀਂ ਸੀ। ਸ਼ੱਕੀ ਤੋਂ ਪੁੱਛ ਪੜਤਾਲ ਚੱਲ ਹੀ ਰਹੀ ਸੀ ਕਿ ਉਸ ਦੀ ਜੇਬ ਵਿਚ ਛੁਰਾ ਹੋਣ ਦਾ ਅਹਿਸਾਸ ਹੋਇਆ।