ਵੈਨਕੂਵਰ : ਕੈਨੇਡਾ ਦੀ ਘੱਟਗਿਣਤੀ ਜਸਟਿਨ ਟਰੂਡੋ ਸਰਕਾਰ ਵਿਰੁੱਧ ਵਿਰੋਧੀ ਕੰਜ਼ਰਵੇਟਿਵ ਪਾਰਟੀ ਆਗੂ ਪੀਅਰ ਪੋਲਿਵਰ ਵਲੋਂ ਸੋਮਵਾਰ ਨੂੰ ਸੰਸਦ ਵਿੱਚ ਪੇਸ਼ ਕੀਤਾ ਗਿਆ ਤੀਜਾ ਤੇ ਆਖ਼ਰੀ ਬੇਭਰੋਸਗੀ ਮਤਾ ਵੀ ਫੇਲ੍ਹ ਹੋ ਗਿਆ। ਉਸ ਵਲੋਂ ਪਿਛਲੇ ਮਹੀਨਿਆਂ ਵਿੱਚ ਦੋ ਵਾਰ ਇੰਝ ਦੇ ਮਤੇ ਪੇਸ਼ ਕੀਤੇ ਗਏ ਸਨ, ਜਿਨ੍ਹਾਂ ਦਾ ਕਿਸੇ ਹੋਰ ਪਾਰਟੀ ਵਲੋਂ ਸਮਰਥਨ ਨਾ ਕੀਤੇ ਜਾਣ ਕਾਰਨ ਉਹ ਠੁੱਸ ਹੋ ਗਏ ਸਨ।
ਵਿਰੋਧੀ ਆਗੂ ਵਲੋਂ ਅਚਾਨਕ ਇਹ ਆਖਰੀ ਦਾਅ ਇਸ ਕਰਕੇ ਖੇਡਿਆ ਗਿਆ ਕਿ ਸਰਕਾਰ ਸਮਰਥਕ NDP ਆਗੂ ਜਗਮੀਤ ਸਿੰਘ ਵਲੋਂ ਸਰਕਾਰ ’ਤੇ ਜ਼ੋਰ ਪਾਇਆ ਜਾ ਰਿਹਾ ਹੈ ਕਿ ਜੀਐਸਟੀ ਦੀ ਛੋਟ ਅਤੇ ਢਾਈ ਸੌ ਡਾਲਰ ਦੀ ਰਾਹਤ ਅਦਾਇਗੀ ਵਿੱਚ ਪੈਨਸ਼ਨ ਅਧਾਰਤ ਬਜ਼ੁਰਗਾਂ ਨੂੰ ਵੀ ਜੋੜਿਆ ਜਾਵੇ। ਜਗਮੀਤ ਸਿੰਘ ਵਲੋਂ ਇਸ ਬਾਰੇ ਸਰਕਾਰ ਤੋਂ ਮੰਗ ਕੀਤੀ ਗਈ ਹੈ। ਸਿਆਸੀ ਸੂਝ ਵਾਲੇ ਲੋਕਾਂ ਦਾ ਮੰਨਣਾ ਹੈ ਕਿ ਵਿਰੋਧੀ ਆਗੂ ਨੇ ਜਗਮੀਤ ਸਿੰਘ ਦੀ ਇਸ ਨਾਰਾਜ਼ਗੀ ਦਾ ਫਾਇਦਾ ਚੁੱਕਣ ਦੀ ਤਾਕ ਵਿੱਚ ਹੀ ਬੇਭਰੋਸਗੀ ਮਤਾ ਪੇਸ਼ ਕੀਤਾ ਹੋਵੇਗਾ, ਜਿਸ ਵਿੱਚ ਅਸਫਲ ਹੋਣ ਕਰਕੇ ਉਸ ਨੇ ਆਪਣਾ ਆਖ਼ਰੀ ਮੌਕਾ ਵੀ ਗਵਾ ਲਿਆ ਹੈ।
ਅਸਲ ਵਿੱਚ ਮੰਦੀ ਦੀ ਮਾਰ ਝੱਲ ਰਹੀ ਕੈਨੇਡੀਆਈ ਆਰਥਿਕਤਾ ਦੇ ਇਸ ਦੌਰ ਵਿੱਚ ਕੰਜ਼ਰਵੇਟਿਵ ਪਾਰਟੀ (ਟੋਰੀ) ਤੋਂ ਬਿਨਾਂ ਕੋਈ ਵੀ ਪਾਰਟੀ ਚੋਣਾਂ ਦੇ ਜੋਖ਼ਮ ਵਿੱਚ ਨਹੀਂ ਪੈਣਾ ਚਾਹੁੰਦੀ ਤੇ ਇਸੇ ਆੜ ਹੇਠ ਸਰਕਾਰ ਨੂੰ ਆਪਣੇ ਸਮਰਥਕ ਲੋਕਾਂ ਦੀਆਂ ਮੰਗਾਂ ਮਨਜ਼ੂਰ ਕਰਨ ’ਤੇ ਜ਼ੋਰ ਦਿਤਾ ਜਾ ਰਿਹਾ ਹੈ। ਜਗਮੀਤ ਸਿੰਘ ਵਲੋਂ ਮਤੇ ਦੇ ਵਿਰੋਧ ਵਿੱਚ ਵੋਟ ਦਿੱਤੇ ਜਾਣ ਮੌਕੇ ਟੋਰੀਆਂ ਵਲੋਂ ਜ਼ੋਰਦਾਰ ਚੁਭਵੀਆਂ ਟਿੱਪਣੀਆਂ ਕਰਨਾ ਲੋਕਾਂ ਨੂੰ ਉਨ੍ਹਾਂ ਦੀ ਇਸੇ ਯੋਜਨਾ ਦੀ ਗਵਾਹੀ ਭਰਦਾ ਲੱਗਿਆ।
ਟੋਰੀ ਸੰਸਦ ਮੈਂਬਰਾਂ ਦੇ ਇਸ ਹੱਲੇ ਗੁੱਲੇ ਦਾ ਜਵਾਬ ਦਿੰਦਿਆਂ ਜਗਮੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਅਜਿਹੀ ਕਿਸੇ ਖੇਡ ਦਾ ਹਿੱਸਾ ਨਹੀਂ ਬਣ ਸਕਦੀ ਜੋ ਕੰਜ਼ਰਵੇਟਿਵ ਆਗੂਆਂ ਵਲੋਂ ਖੇਡੀਆਂ ਜਾ ਰਹੀਆਂ ਹਨ। ਜਗਮੀਤ ਸਿੰਘ ਵਲੋਂ ਬੇਭਰੋਸਗੀ ਮਤੇ ਦਾ ਵਿਰੋਧ ਕੀਤੇ ਜਾਣ ਕਰਕੇ ਟੋਰੀ MPs ਨੇ ਐਨਡੀਪੀ ਵਲੋਂ ਜੀਐਸਟੀ ਰਾਹਤ ਵਿੱਚ ਸੋਧਾਂ ਕਰਨ ਵਾਲੇ ਮਤੇ ਦਾ ਵੀ ਵਿਰੋਧ ਕੀਤਾ, ਜਿਸ ਦਾ ਲਿਬਰਲ ਪਾਰਟੀ ਦੇ ਸੰਸਦ ਮੈਟਬਰ ਚੈਡ ਕੋਲਿਨ ਸਮੇਤ ਗਰੀਨ ਪਾਰਟੀ ਵਲੋਂ ਸਮਰਥਨ ਕੀਤਾ ਗਿਆ।