ਬਰੈਂਪਟਨ, 24 ਸਤੰਬਰ
ਕੈਨੇਡਾ ਦੀਆਂ 43ਵੀਆਂ ਪਾਰਲੀਮੈਂਟ ਚੋਣਾਂ 21 ਅਕਤੂਬਰ ਨੂੰ ਹੋਣ ਜਾ ਰਹੀਆਂ ਹਨ ਜਿਸ ਵਿਚ 25 ਮਿਲੀਅਨ ਵੋਟਰ ਦੇਸ਼ ਦੀ ਕਿਸਮਤ ਦਾ ਫੈਸਲਾ ਕਰਨਗੇ। 338 ਮੈਂਬਰਾਂ ਦੇ ਹਾਊਸ ਲਈ ਸਾਰੀਆਂ ਪਾਰਟੀਆਂ ਨੇ ਆਪੋ ਆਪਣੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰ ਦਿੱਤੇ ਹਨ ਜਿਸ ਕਰਕੇ ਚੋਣ ਪ੍ਰਚਾਰ ਭਖ ਗਿਆ ਹੈ। ਹੋਰ ਭਾਈਚਾਰਿਆਂ ਦੇ ਮੁਕਾਬਲੇ ਪੰਜਾਬੀਆਂ ਵਿਚ ਵਧੇਰੇ ਜੋਸ਼ ਹੈ। ਇਸ ਵਾਰ ਪੰਜ ਦਰਜਨ ਤੋਂ ਵਧੇਰੇ ਪੰਜਾਬੀ ਵੱਖ ਵੱਖ ਪਾਰਟੀਆਂ ਵਲੋਂ ਉਮੀਦਵਾਰ ਐਲਾਨੇ ਗਏ ਹਨ, ਜਿਨ੍ਹਾਂ ਵਿਚ ਡੇਢ ਦਰਜਨ ਪੰਜਾਬਣਾਂ ਵੀ ਸ਼ਾਮਲ ਹਨ । ਪੰਜਾਬੀਆਂ ਦੀ ਕੈਨੇਡਾ ਦੀ ਰਾਜਨੀਤੀ ਵਿੱਚ ਇਹ ਆਪਣੇ ਆਪ ਵਿਚ ਵੱਡੀ ਪ੍ਰਾਪਤੀ ਹੈ। ਇਹ ਵੀ ਇਤਿਹਾਸ ਦਾ ਮੌਕਾ ਮੇਲ ਹੀ ਹੈ ਜਦੋਂ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਸਿੱਖ ਉਮੀਦਵਾਰ ਜਗਮੀਤ ਸਿੰਘ ਚੋਣ ਲੜ ਰਹੇ ਹਨ ਜੋ ਇਸ ਦੇਸ਼ ਦੀ ਤੀਜੀ ਤਕੜੀ ਰਾਜਸੀ ਧਿਰ ਦਾ ਨੁਮਾਇੰਦਾ ਹੈ। ਚੋਣ ਵਿਚ ਮੁੱਖ ਮੁਕਾਬਲਾ ਲਿਬਰਲ ਪਾਰਟੀ ਅਤੇ ਕੰਜ਼ਰਵੇਟਿਵ ਪਾਰਟੀ ਦਰਮਿਆਨ ਮੰਨਿਆ ਜਾ ਰਿਹਾ ਹੈ ਜਦਕਿ ਐੱਨਡੀਪੀ, ਗਰੀਨ ਪਾਰਟੀ, ਬਲੌਕ ਕਿਊਬਿਕ ਪਾਰਟੀ, ਪੀਪਲਜ਼ ਪਾਰਟੀ ਆਫ ਕੈਨੇਡਾ ਅਤੇ ਆਜ਼ਾਦ ਉਮੀਦਵਾਰ ਚੋਣ ਮੈਦਾਨ ਵਿਚ ਡਟੇ ਹੋਏ ਹਨ।
ਲਿਬਰਲ ਪਾਰਟੀ ਵੱਲੋਂ 22 ਪੰਜਾਬੀਆਂ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ ਜਿਨ੍ਹਾਂ ਵਿਚ ਸਿੱਖਾਂ ਦੀ ਗਿਣਤੀ ਵੱਧ ਹੈ। ਇਸੇ ਤਰ੍ਹਾਂ ਕੰਜ਼ਰਵੇਟਿਵ ਪਾਰਟੀ ਵੱਲੋਂ 19 ਪੰਜਾਬੀ ਚੋਣ ਮੈਦਾਨ ਵਿਚ ਉਤਾਰੇ ਗਏ ਹਨ। ਇਸੇ ਤਰ੍ਹਾਂ ਐੱਨਡੀਪੀ ਤੇ ਹੋਰਨਾਂ ਪਾਰਟੀਆਂ ਵੱਲੋਂ ਪੰਜਾਬੀ ਚਿਹਰੇ ਅੱਗੇ ਲਿਆਂਦੇ ਹਨ। ਕਈ ਸੀਟਾਂ ਤਾਂ ਅਜਿਹੀਆਂ ਹਨ ਜਿਥੇ ਪੰਜਾਬੀਆਂ ਵਿਚ ਹੀ ਟੱਕਰ ਹੈ ਜਿਵੇਂ ਬਰੈਂਪਟਨ ਵੈਸਟ ਲਿਬਰਲ ਦੀ ਦੁਬਾਰਾ ਚੋਣ ਲੜ ਰਹੀ ਉਮੀਦਵਾਰ ਕਮਲ ਖਹਿਰਾ ਦੀ ਟੱਕਰ ਐੱਨਡੀਪੀ ਦੀ ਨਵਜੀਤ ਕੌਰ ਬਰਾੜ ਨਾਲ ਹੈ। ਬਰੈਂਪਟਨ ਈਸਟ ਤੋਂ ਲਿਬਰਲ ਦੇ ਮਨਜਿੰਦਰ ਸਿੰਘ ਸਿੱਧੂ, ਕੰਜ਼ਰਵੇਟਿਵ ਦੇ ਰਮੋਨਾ ਸਿੰਘ, ਐੱਨਡੀਪੀ ਵੱਲੋਂ ਸ਼ਰਨਜੀਤ ਸਿੰਘ ਅਤੇ ਪੀਪਲਜ਼ ਪਾਰਟੀ ਵੱਲੋਂ ਗੌਰਵ ਵਾਲੀਆ ਚੋਣ ਮੈਦਾਨ ਵਿੱਚ ਹਨ। ਬਰੈਂਪਟਨ ਸਾਊਥ ਤੋਂ ਲਿਬਰਲ ਦੀ ਸੋਨੀਆ ਸਿੱਧੂ, ਕੰਜ਼ਰਵੇਟਿਵ ਤੋਂ ਹਰਮਨਦੀਪ ਬਰਾੜ, ਐੱਨਡੀਪੀ ਤੋਂ ਮਨਦੀਪ ਕੌਰ ਅਤੇ ਪੀਪਲਜ਼ ਪਾਰਟੀ ਵੱਲੋਂ ਰਾਜਵਿੰਦਰ ਸਿੰਘ ਘੁੰਮਣ ਭਾਵ ਸਾਰੇ ਹੀ ਪੰਜਾਬੀ ਹਨ। ਇਸੇ ਤਰ੍ਹਾਂ ਸਰੀ ਸੈਂਟਰਲ, ਬਰੈਂਪਟਨ ਉੱਤਰੀ, ਕੈਲਗਿਰੀ ਆਦਿ ਇਲਾਕਿਆਂ ਵਿੱਚ ਪੰਜਾਬੀ ਆਪਸੀ ਟੱਕਰ ਵਿਚ ਡਟੇ ਹੋਏ ਹਨ। ਪਿਛਲੀ ਪਾਰਲੀਮੈਂਟ ਵਿੱਚ 18 ਪੰਜਾਬੀ ਮੂਲ ਦੇ ਐੱਮਪੀ ਜਿੱਤੇ ਸਨ। ਸਰਕਾਰ ਦੇ ਕੈਬਨਿਟ ਮੰਤਰੀ ਹਰਜੀਤ ਸਿੰਘ ਸੱਜਣ, ਅਮਰਜੀਤ ਸਿੰਘ ਸੋਹੀ, ਨਵਦੀਪ ਬੈਂਸ ਦੁਬਾਰਾ ਫਤਵਾ ਲੈਣ ਲਈ ਲੋਕ ਕਚਹਿਰੀ ਵਿਚ ਆਪਣੇ ਪਹਿਲੇ ਹਲਕਿਆਂ ਤੋਂ ਹਾਜ਼ਰ ਹਨ। ਕੈਨੇਡਾ ਦੇ ਸੱਤ ਸੂਬੇ ਹਨ।