ਓਟਾਵਾ— ਕੈਨੇਡਾ ਦੇ ਵਿੱਤ ਮੰਤਰੀ ਬਿਲ ਮੌਰਨੋ ਨੇ 2018 ਦੇ ਬਜਟ ‘ਚ ਲਿੰਗ ਬਰਾਬਰੀ ਰਾਹੀਂ ਤੇਜ਼ ਆਰਥਿਕ ਵਿਕਾਸ ਦਾ ਟੀਚਾ ਤੈਅ ਕਰਦਿਆਂ ਤਕਨਾਲੋਜੀ ਤੇ ਖੋਜ ਕਾਰਜਾਂ ‘ਤੇ ਵਧੇਰੇ ਜ਼ੋਰ ਦਿੱਤਾ ਹੈ। ਫੈਡਰਲ ਸਰਕਾਰ ਨੇ ਪੁਰਸ਼ਾਂ ਤੇ ਔਰਤਾਂ ਦੀਆਂ ਤਨਖਾਹਾਂ ‘ਚ ਬਰਾਬਰੀ ਲਿਆਉਣ ਲਈ ਇਸ ਸਾਲ ਨਵਾਂ ਕਾਨੂੰਨ ਲਿਆਉਣ ਦਾ ਵਾਅਦਾ ਕੀਤਾ ਗਿਆ ਪਰ ਇਸ ਟੀਚੇ ਲਈ ਫੰਡਾਂ ਦਾ ਜ਼ਿਕਰ ਨਹੀਂ ਕੀਤਾ ਗਿਆ। 
338.5 ਅਰਬ ਡਾਲਰ ਖਰਚ ਕਰੇਗੀ ਸਰਕਾਰ
ਬਜਟ ਤਜਵੀਜ਼ਾਂ ਮੁਤਾਬਕ 2018-19 ਦੇ ਵਿੱਤੀ ਵਰੇ ਦੌਰਾਨ ਲਿਬਰਲ ਸਰਕਾਰ 338.5 ਅਰਬ ਡਾਲਰ ਦਾ ਖਰਚ ਕਰੇਗੀ ਤੇ ਬਜਟ ਘਾਟਾ 18.1 ਅਰਬ ਡਾਲਰ ਰਹਿਣ ਦਾ ਅੰਦਾਜ਼ਾ ਹੈ। ਆਰਥਿਕ ਮਾਹਰਾਂ ਦਾ ਕਹਿਣਾ ਹੈ ਕਿ 2019 ‘ਚ ਆਮ ਚੋਣਾਂ ਹੋਣੀਆਂ ਹਨ ਤੇ ਇਸ ਸਾਲ ਸਰਕਾਰ ਨੇ ਹੱਥ ਘੁੱਟ ਕੇ ਰੱਖਿਆ ਹੈ ਤਾਂ ਕਿ ਅਗਲੇ ਸਾਲ ਵਿੱਤੀ ਬਜਟ ਪੇਸ਼ ਕਰਨ ਦੌਰਾਨ ਲੋਕਾਂ ਨੂੰ ਖੁੱਲੇ ਗੱਫੇ ਦਿੱਤੇ ਜਾ ਸਕਣ। ਸਰਕਾਰ ਨੇ ਇਸ ਸਾਲ ਨਵੇਂ ਖਰਚਿਆਂ ਦੇ ਰੂਪ ‘ਚ 5.4 ਅਰਬ ਡਾਲਰ ਖਰਚ ਕਰਨ ਦਾ ਐਲਾਨ ਕੀਤਾ ਹੈ। ਕੈਨੇਡਾ ‘ਚ ਪੁਰਸ਼ਾਂ ਦੀ ਇਕ ਡਾਲਰ ਦੀ ਆਮਦਨ ਦੇ ਮੁਕਾਬਲੇ ਔਰਤਾਂ ਨੂੰ 88 ਸੈਂਟ ਮਿਲ ਰਹੇ ਹਨ। ਇਸ ਹਿਸਾਬ ਨਾਲ ਉਨ੍ਹ੍ਹਾਂ ਨੂੰ ਪੁਰਸ਼ਾਂ ਦੇ ਮੁਕਾਬਲੇ 12 ਸੈਂਟ ਘੱਟ ਮਿਲ ਰਹੇ ਹਨ। ਇਸ ਫਰਕ ਨੂੰ ਖਤਮ ਕਰਨ ਨਾਲ ਕਈ ਸਮੱਸਿਆਵਾਂ ਹੱਲ ਹੋ ਜਾਣਗੀਆਂ। ਕਿਰਤੀਆਂ ‘ਚ ਔਰਤਾਂ ਦੀ ਜ਼ਿਆਦਾ ਗਿਣਤੀ ਨਾਲ ਕੈਨੇਡਾ ਦਾ ਬਜ਼ੁਰਗ ਹੁੰਦੀ ਆਬਾਦੀ ਦੀ ਸਮੱਸਿਆ ਨਾਲ ਨਜਿੱਠਣ ‘ਚ ਮਦਦ ਮਿਲੇਗੀ। ਮੈਕਿਨਜ਼ੀ ਗਲੋਬਕ ਇੰਸਟੀਚਿਊਟ ਦੀ ਰਿਪੋਰਟ ਮੁਤਾਬਕ ਪੁਰਸ਼ਾਂ ਤੇ ਔਰਤਾਂ ਦੀ ਆਮਦਨ ‘ਚ ਬਰਾਬਰੀ ਨਾਲ ਕੈਨੇਡਾ ਦੀ ਆਰਥਿਕਤਾ ‘ਚ 2026 ਤੱਕ 150 ਅਰਬ ਡਾਲਰ ਦਾ ਵਾਧਾ ਹੋ ਸਕਦਾ ਹੈ।
ਸਾਇਬਰ ਸੁਰੱਖਿਆ ਲਈ ਖਰਚੇ ਜਾਣਗੇ 750 ਮਿਲੀਅਨ ਡਾਲਰ
ਫੈਡਰਲ ਸਰਕਾਰ ਵਲੋਂ ਵਿਗਿਆਨ ਤੇ ਖੋਜ ਕਾਰਜਾਂ ‘ਤੇ ਆਉਂਦੇ ਪੰਜ ਸਾਲਾਂ ‘ਚ 3.2 ਅਰਬ ਡਾਲਰ ਖਰਚ ਕੀਤੇ ਜਾਣਗੇ। ਇਸ ਰਕਮ ‘ਚੋਂ ਕੌਂਸਲਾਂ ਤੇ ਖੋਜ ਕਾਰਜਾਂ ਦੇ ਮਕਸਦ ਨਾਲ ਸਥਾਪਿਤ ਚੇਅਰਾਂ ਨੂੰ ਫੰਡ ਜਾਰੀ ਕੀਤੇ ਜਾਣਗੇ ਤੇ ਕਈ ਲੈਬਾਰਟੀਆਂ ਨੂੰ ਅਪਗ੍ਰੇਡ ਕੀਤਾ ਜਾਵੇਗਾ। ਦਰਦ ਨਿਵਾਰਕ ਦਵਾਈਆਂ ਦੇ ਓਵਰਡੋਜ਼ ਨਾਲ ਹੋਣ ਵਾਲੀਆਂ ਮੌਤਾਂ ਦੇ ਸੰਕਟ ਨਾਲ ਨਜਿੱਠਣ ਲਈ ਆਉਂਦੇ ਪੰਜ ਸਾਲਾਂ ‘ਚ 231 ਮਿਲੀਅਨ ਡਾਲਰ ਖਰਚ ਕੀਤੇ ਜਾਣਗੇ। ਜਦਕਿ ਸਾਇਬਰ ਸੁਰੱਖਿਆ ‘ਚ ਸੁਧਾਰਾਂ ਲਈ 750 ਮਿਲੀਅਨ ਡਾਲਰ ਖਰਚ ਕੀਤੇ ਜਾਣਗੇ।
ਮਾਂ ਦੀ ਜਣੇਪਾ ਛੁੱਟੀ ਦੇ ਨਾਲ ਪਿਤਾ ਨੂੰ ਵੀ ਮਿਲੇਗੀ ਛੁੱਟੀ
ਇਸੇ ਤਰ੍ਹਾਂ ਔਰਤਾਂ ਨੂੰ ਜਣੇਪਾ ਛੁੱਟੀ ਦੇ ਨਾਲ ਪਿਤਾ ਨੂੰ ਵੀ ਪੰਜ ਹਫਤਿਆਂ ਦੀ ਛੁੱਟੀ ਮਿਲੇਗੀ। ਪਾਣੀ ਨੂੰ ਪੀਣਯੋਗ ਬਣਾਉਣ ਦੇ ਕਾਰਜਾਂ ‘ਤੇ ਆਉਂਦੇ ਸਾਲ 172.6 ਮਿਲੀਅਨ ਡਾਲਰ ਖਰਚੇ ਜਾਣਗੇ। ਕੌਮਾਂਤਰੀ ਮਹਿਲਾਵਾਦੀ ਸਹਾਇਤਾ ਨੀਤੀ ਅਧੀਨ ਆਉਂਦੇ ਪੰਜ ਸਾਲਾਂ ‘ਚ 2 ਅਰਬ ਡਾਲਰ ਖਰਚ ਕੀਤੇ ਜਾਣਗੇ। 
ਟੈਕਸ ਚੋਰਾਂ ‘ਤੇ ਸਖਤੀ
ਟੈਕਸ ਚੋਰਾਂ ‘ਤੇ ਲਗਾਮ ਕੱਸਣ ਲਈ ਫੈਡਰਲ ਸਰਕਾਰ ਵਲੋਂ 90.6 ਮਿਲੀਅਨ ਡਾਲਰ ਰੱਖੇ ਗਏ ਹਨ। ਲਿਬਰਲ ਸਰਕਾਰ ਨੇ ਛੋਟੇ ਕਾਰੋਬਾਰੀਆਂ ਤੇ ਅਸਿੱਧੀ ਆਮਦਨ ਦਾ ਲਾਭ ਲੈਣ ਵਾਲਿਆਂ ਲਈ ਟੈਕਸ ਨਿਯਮ ਸਖਤ ਕਰ ਦਿੱਤੇ ਹਨ ਜਦਕਿ ਤੰਬਾਕੂ ਉਤਪਾਦਾਂ ਦਾ ਟੈਕਸ ਵਧਾ ਦਿੱਤਾ ਹੈ। ਬੀਤੇ ਸਾਲ ਛੋਟੇ ਕਾਰੋਬਾਰੀਆਂ ਦੀ ਅਸਿੱਧੀ ਆਮਦਨ ਨੂੰ ਟੈਕਸ ਦੇ ਘੇਰੇ ‘ਚ ਲਿਆਉਣ ਦਾ ਮੁੱਦਾ ਸੁਰਖੀਆਂ ‘ਚ ਰਿਹਾ ਸੀ। ਟੈਕਸ ਨਿਯਮਾਂ ‘ਚ ਤਬਦੀਲੀ 2019 ਦੇ ਸ਼ੁਰੂ ਤੋਂ ਲਾਗੂ ਹੋਵੇਗੀ ਤੇ ਸਾਲ 2022-23 ਤੱਕ ਫੈਡਰਲ ਸਰਕਾਰ ਨੂੰ 925 ਮਿਲੀਅਨ ਡਾਲਰ ਸਲਾਨਾ ਆਮਦਨ ਹੋਣ ਦੀ ਉਮੀਦ ਹੈ। 2015 ਦੀਆਂ ਚੋਣਾਂ ‘ਚ ਲਿਬਰਲ ਪਾਰਟੀ ਨੇ ਵਾਅਦਾ ਕੀਤਾ ਸੀ ਕਿ ਬਜਟ ਘਾਟਾ 10 ਅਰਬ ਡਾਲਰ ਤੋਂ ਨਹੀਂ ਵਧੇਗਾ ਤੇ 2019 ਤੱਕ ਬਜਟ ਸੰਤੁਲਤ ਕਰ ਲਿਆ ਜਾਵੇਗਾ ਪਰ ਤਾਜ਼ਾ ਅੰਕੜੇ ਵੱਖਰੀ ਕਹਾਣੀ ਬਿਆਨ ਕਰਦੇ ਹਨ। ਇਸ ਤੋਂ ਇਲਾਵਾ ਅਦਾਲਤਾਂ ‘ਚ ਮੁਕੱਦਮਿਆਂ ਦੀ ਗਿਣਤੀ ਘਟਾਉਣ ਲਈ ਓਨਟਾਰੀਓ ‘ਚ 6 ਨਵੇਂ ਜੱਜਾਂ ਦੀ ਨਿਯੁਕਤੀ ਕਰਨ ਦਾ ਪ੍ਰਬੰਧ ਬਜਟ ‘ਚ ਕੀਤਾ ਗਿਆ ਹੈ। ਕੌਮੀ ਪਾਰਕਾਂ ‘ਚ ਬੱਚਿਆਂ ਦਾ ਦਾਖਲਾ ਮੁਫਤ ਕਰ ਦਿੱਤਾ ਗਿਆ ਹੈ। 
ਨੌਕਰੀਆਂ ਦੀ ਗਿਣਤੀ ਦੁਗਣੀ ਕਰਨ ਲਈ 448.5 ਮਿਲੀਅਨ ਡਾਲਰ
ਕੈਨੇਡਾ ‘ਚ ਸਮਰ ਜੌਬਜ਼ ਪ੍ਰੋਗਰਾਮ ਅਧੀਨ ਨੌਕਰੀਆਂ ਦੀ ਗਿਣਤੀ ਦੁਗਣੀ ਕਰਨ ਲਈ 448.5 ਮਿਲੀਅਨ ਡਾਲਰ ਰੱਖੇ ਗਏ ਹਨ।
ਵਿੱਤ ਮੰਤਰੀ ਬਿਲ ਮੌਰਨੇ ਨੇ ਕਿਹਾ ਕਿ ਤਿੰਨ ਫੀਸਦੀ ਪ੍ਰਾਈਵੇਟ ਕਾਰਪੋਰੇਸ਼ਨਾਂ ਲਈ ਨਿਯਮਾਂ ‘ਚ ਤਬਦੀਲੀ ਕੀਤੀ ਜਾ ਰਹੀ ਹੈ ਕਿਉਂਕਿ ਕੈਨੇਡਾ ਦੇ ਅਮੀਰ ਲੋਕ ਪ੍ਰਾਈਵੇਟ ਕਾਰਪੋਰੇਸ਼ਨਾਂ ਦੀ ਆੜ ‘ਚ ਮੱਧ ਵਰਗੀ ਲੋਕਾਂ ਤੋਂ ਵੀ ਘੱਟ ਟੈਕਸ ਅਦਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਲਿਬਰਲ ਸਰਕਾਰ ਲੰਬੇ ਸਮੇਂ ਦੇ ਟੀਚੇ ਲੈ ਕੇ ਚੱਲ ਰਹੀ ਹੈ। ਇਥੇ ਦੱਸਣਾ ਬਣਦਾ ਹੈ ਕਿ 370 ਸਫਿਆਂ ਦੇ ਬਜਟ ਦਸਤਾਵੇਜ਼ਾਂ ‘ਚ ਉੱਤਰੀ ਅਮਰੀਕਾ ਮੁਕਤ ਵਪਾਰ ਸੰਧੀ ਦੀ ਕਿਸਮਤ ਬਾਰੇ ਕੋਈ ਜ਼ਿਕਰ ਨਹੀਂ ਕੀਤਾ ਗਿਆ। ਐੱਨ.ਡੀ.ਪੀ. ਆਗੂ ਜਗਮੀਤ ਸਿੰਘ ਪੁਰਸ਼ਾਂ ਤੇ ਔਰਤਾਂ ਦੀਆਂ ਤਨਖਾਹਾਂ ‘ਚ ਬਰਾਬਰੀ ਲਿਆਉਣ ਦੇ ਉਪਰਾਲੇ ਦੀ ਸ਼ਲਾਘਾ ਵੀ ਕੀਤੀ ਪਰ ਇਸ ਗੱਲ ‘ਤੇ ਚਿੰਤਾ ਵੀ ਪ੍ਰਗਟਾਈ ਕਿ ਇਸ ਮਕਸਦ ਲਈ ਫੰਡਾਂ ਦਾ ਪ੍ਰਬੰਦ ਨਹੀਂ ਕੀਤਾ ਗਿਆ।