ਵਿਨੀਪੈੱਗ/ਵੈਨਕੂਵਰ : ਕੰਜ਼ਰਵੇਟਿਵਜ਼ ਇਕ ਵਾਰ ਫਿਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਸਰਕਾਰ ਡੇਗਣ ਵਿਚ ਨਾਕਾਮ ਰਹੇ ਹਨ। ਵਿਰੋਧੀ ਧਿਰ ਦੇ ਆਗੂ ਪੀਅਰੇ ਪੌਲੀਵਰ ਨੇ ਅੱਜ ਟਰੂਡੋ ਸਰਕਾਰ ਖਿਲਾਫ਼ ਹਾਊਸ ਆਫ਼ ਕਾਮਨਜ਼ ਵਿਚ ਮੁੜ ਬੇਭਰੋਸਗੀ ਮਤਾ ਰੱਖਿਆ ਸੀ। ਨਿਊ ਡੈਮੋਕਰੈਟਿਕ ਪਾਰਟੀ (ਐੱਨਡੀਪੀ) ਤੇ ਬਲਾਕ ਕਿਊਬਕ ਨੇ ਬੇਭਰੋਸਗੀ ਮਤੇ ਦੇ ਖਿਲਾਫ਼ ਵੋਟ ਪਾਈ। ਮਤੇ ਦੇ ਵਿਰੋਧ ਵਿਚ 207 ਤੇ ਇਸ ਦੀ ਹਮਾਇਤ ਵਿਚ 120 ਵੋਟਾਂ ਪਈਆਂ। ਬਲਾਕ ਕਿਊਬਕ ਅਤੇ ਐੱਨਡੀਪੀ ਦੇ ਮੌਜੂਦਾ ਰੁਖ਼ ਦੇ ਮੱਦੇਨਜ਼ਰ ਹਾਲ ਦੀ ਘੜੀ ਨਵੇਂ ਸਿਰਿਓਂ ਆਮ ਚੋਣਾਂ ਹੋਣ ਦੀ ਫ਼ਿਲਹਾਲ ਕੋਈ ਸੰਭਾਵਨਾ ਨਜ਼ਰ ਨਹੀਂ ਆਉਂਦੀ ਹੈ। ਉਂਝ ਮਤੇ ’ਤੇ ਬਹਿਸ ਦੌਰਾਨ ਐੱਨਡੀਪੀ ਆਗੂ ਜਗਮੀਤ ਸਿੰਘ ਨੇ ਕਿਹਾ ਕਿ ਉਹ ਕੰਜ਼ਰਵੇਟਿਵ ਆਗੂ ਪੀਅਰੇ ਪੌਲੀਵਰ ਨੂੰ ਸਿਆਸੀ ਖੇਡਾਂ ਖੇਡਣ ਦੀ ਇਜਾਜ਼ਤ ਨਹੀਂ ਦੇ ਸਕਦੇ ਤੇ ਉਸ ਦੇ ਹਰ ਮਤੇ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ। ਟੋਰੀ ਆਗੂ ਦੇ ਸਿਆਸੀ ਪਖੰਡਾਂ ਦੀ ਹਮਾਇਤ ਕਰਨਾ ਦੇਸ਼ ਵਾਸੀਆਂ ਨਾਲ ਧੋਖਾ ਹੈ।