ਕੈਲਗਰੀ : ਕੈਨੇਡਾ ਬਾਰਡਰ ਸਰਸਿਸਿਜ਼ ਏਜੰਸੀ ਵੱਲੋਂ ਦੋ ਪੰਜਾਬੀ ਟਰੱਕ ਡਰਾਈਵਰਾਂ ਸਣੇ ਤਿੰਨ ਜਣਿਆਂ ਨੂੰ ਭਾਰੀ ਮਿਕਦਾਰ ਵਿਚ ਕੋਕੀਨ, ਮੈਥਮਫੈਟਾਮਿਨ ਅਤੇ ਡੋਡਿਆਂ ਸਣੇ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ। ਤਿੰਨ ਵੱਖ ਵੱਖ ਕਮਰਸ਼ੀਅਲ ਟਰੱਕਸ ਵਿਚੋਂ ਕੀਤੀ ਗਈ ਬਰਾਮਦਗੀ ਬਾਰੇ ਸੀ.ਬੀ.ਐਸ.ਏ. ਨੇ ਦੱਸਿਆ ਕਿ ਕੈਲਗਰੀ ਵੱਲ ਜਾ ਰਿਹਾ ਇਕ ਟਰੱਕ ਜਿਸ ਵਿਚ ਇਲੈਕਟ੍ਰੋਲਾਈਟ ਬੈਵਰੇਜਿਜ਼ ਲੱਦੇ ਹੋਏ ਸਨ, ਨੂੰ ਰੋਕ ਕੇ ਜਾਂਚ-ਪੜਤਾਲ ਕੀਤੀ ਗਈ ਤਾਂ ਇਸ ਵਿਚੋਂ 461 ਕਿਲੋ ਕੋਕੀਨ ਅਤੇ 43 ਕਿਲੋ ਸ਼ੱਕੀ ਹੈਰੋਇਨ ਬਰਾਮਦ ਕੀਤੀ ਗਈ ਜਦਕਿ ਇਕ ਗ੍ਰਾਮ ਅਫ਼ੀਮ ਵੱਖਰੇ ਤੌਰ ‘ਤੇ ਟਰੱਕ ਦੇ ਕੈਬਿਨ ਵਿਚੋਂ ਮਿਲੀ। ਦੂਜੇ ਮਾਮਲੇ ਵਿਚ ਇਕ ਖਾਲੀ ਟਰੈਕਟਰ ਟ੍ਰੇਲਰ ਨੂੰ ਰੋਕ ਦੇ ਤਲਾਸ਼ੀ ਲਈ ਤਾਂ ਇਸ ਵਿਚੋਂ 300 ਕਿਲੋ ਕੋਕੀਨ ਅਤੇ 400 ਗ੍ਰਾਮ ਡੋਡੇ ਬਰਾਮਦ ਕੀਤੇ ਗਏ ਅਤੇ ਦੋਹਾਂ ਮਾਮਲਿਆਂ ਵਿਚ ਡਰਾਈਵਰਾਂ ਨੂੰ ਗ੍ਰਿਫ਼ਤਾਰ ਕਰ ਕੇ ਆਰ.ਸੀ.ਐਮ.ਪੀ. ਦੇ ਸਪੁਰਦ ਕਰ ਦਿਤਾ ਗਿਆ।
ਕੋਕੀਨ, ਮੈਥਮਫੈਟਾਮਿਨ ਅਤੇ ਡੋਡੋ ਬਰਾਮਦ
ਤੀਜੇ ਮਾਮਲੇ ਤਹਿਤ ਸੀ.ਬੀ.ਐਸ.ਏ. ਦੇ ਸਨਿਫ਼ਰ ਡੌਗਜ਼ ਨੇ ਕੈਲਗਰੀ ਵੱਲ ਜਾ ਰਹੇ ਇਕ ਟਰੱਕ ਵਿਚ ਨਸ਼ੀਲੇ ਪਦਾਰਥ ਹੋਣ ਦੇ ਸੰਕੇਤ ਦੇ ਦਿਤੇ ਅਤੇ ਤਲਾਸ਼ੀ ਦੌਰਾਨ ਟਰੱਕ ਵਿਚੋਂ 206 ਕਿਲੋ ਮੈਥਮਫੈਟਾਮਿਨ ਬਰਾਮਦ ਕੀਤੀ ਗਈ। ਤਿੰਨੋ ਮਾਮਲਿਆਂ ਦੀ ਪੜਤਾਲ ਆਰ.ਸੀ.ਐਮ.ਪੀ. ਦੇ ਨੌਰਥ ਵੈਸਟ ਰੀਜਨ ਵੱਲੋਂ ਕੀਤੀ ਜਾ ਰਹੀ ਹੈ। ਸੀ.ਬੀ.ਐਸ. ਏ. ਵੱਲੋਂ ਜਾਰੀ ਬਿਆਨ ਮੁਤਾਬਕ ਇਕੱਲੇ ਐਲਬਰਟਾ ਸੂਬੇ ਵਿਚ ਇਕ ਹਜ਼ਾਰ ਕਿਲੋ ਤੋਂ ਵੱਧ ਕੋਕੀਨ ਅਤੇ 280 ਕਿਲੋ ਮੈਥਮਫੈਟਾਮਿਨ ਸਣੇ ਨਸ਼ੀਲੇ ਪਦਾਰਥਾਂ ਦੀਆਂ 1,292 ਬਰਾਮਦਗੀਆਂ ਕੀਤੀਆਂ ਗਈਆਂ। ਇਥੇ ਦਸਣਾ ਬਣਦਾ ਹੈ ਪਿਛਲੇ ਦਿਨੀਂ ਬ੍ਰਿਟਿਸ਼ ਕੋਲੰਬੀਆ ਦੇ ਐਬਸਫ਼ੋਰਡ-ਹੰਟਿੰਗਡਨ ਸਰਹੱਦੀ ਲਾਂਘੇ ਰਾਹੀਂ ਟਰੱਕ ਲੈ ਕੇ ਅਮਰੀਕਾ ਤੋਂ ਕੈਨੇਡਾ ਦਾਖਲ ਹੋ ਰਹੇ ਸਤਨਾਮ ਸਿੰਘ ਕੋਲੋਂ 314 ਕਿਲੋ ਚਿੱਟਾ ਬਰਾਮਦ ਕੀਤਾ ਗਿਆ। ਐਬਸਫੋਰਡ-ਹੰਟਿੰਗਡਨ ਪੋਰਟ ਆਫ਼ ਐਂਟਰੀ ‘ਤੇ ਬਰਾਮਦ ਕੀਤੀ ਗਈ ਇਹ ਨਸ਼ਿਆਂ ਦੀ ਸਭ ਤੋਂ ਵੱਡੀ ਖੇਪ ਦੱਸੀ ਜਾ ਰਹੀ ਹੈ। ਸਤਨਾਮ ਸਿੰਘ ਵਿਰੁੱਧ ਕੈਨੇਡਾ ਇੰਪੋਰਟ ਕਰਨ ਦੇ ਇਰਾਦੇ ਨਾਲ ਮੈਥਮਫੈਟਾਮਿਨ ਰੱਖਣ ਅਤੇ ਤਸਕਰੀ ਦੇ ਇਰਾਦੇ ਨਾਲ ਮੈਥਮਫੈਟਾਮਿਨ ਰੱਖਣ ਦੇ ਦੋਸ਼ ਆਇਦ ਕੀਤੇ ਗਏ ਹਨ।
