ਵਿਨੀਪੈਗ — ਕੈਨੇਡਾ ‘ਚ ਇਸ ਸਮੇਂ ਬਹੁਤ ਜ਼ਿਆਦਾ ਠੰਡ ਪੈ ਰਹੀ ਹੈ। ਕੈਨੇਡਾ ਦੇ ਕਈ ਸ਼ਹਿਰਾਂ ‘ਚ ਤਾਪਮਾਨ-25 ਤੋਂ-30 ਡਿਗਰੀ ਬਣਿਆ ਹੋਇਆ। ਸੜਕਾਂ, ਗਲੀਆਂ ‘ਚ ਬਰਫ ਜੰਮੀ ਹੋਈ ਹੈ, ਜਿਸ ਕਾਰਨ ਡਰਾਈਵਿੰਗ ਕਰਨ ‘ਚ ਮੁਸ਼ਕਲਾਂ ਆ ਰਹੀਆਂ ਹਨ। ਕੈਨੇਡਾ ਦਾ ਸੂਬਾ ਮੈਨੀਟੋਬਾ ਬਰਫ ਨਾਲ ਢੱਕਿਆ ਗਿਆ ਹੈ।
ਕੈਨੇਡਾ ਦੇ ਮੌਸਮ ਵਿਭਾਗ ਨੇ ਚਿਤਾਵਨੀ ਜਾਰੀ ਕੀਤੀ ਹੈ ਕਿ ਆਉਣ ਵਾਲੇ ਦਿਨਾਂ ਯਾਨੀ ਕਿ ਨਵੇਂ ਸਾਲ ਤੱਕ ਤਾਪਮਾਨ ਇੰਝ ਹੀ ਬਣਿਆ ਰਹੇਗਾ ਅਤੇ ਲੋਕਾਂ ਨੂੰ ਸਾਵਧਾਨੀ ਰਹਿਣ ਦੀ ਚਿਤਾਵਨੀ ਦਿੱਤੀ ਗਈ ਹੈ, ਖਾਸ ਕਰ ਕੇ ਡਰਾਈਵਿੰਗ ਕਰਨ ਸਮੇਂ। ਮਨੀਟੋਬਾ ਦੇ ਕਈ ਖੇਤਰਾਂ ‘ਚ ਤਾਪਮਾਨ-30 ਤੋਂ -40 ਡਿਗਰੀ ਬਣਿਆ ਹੋਇਆ ਹੈ। ਮਨੀਟੋਬਾ ‘ਚ ਇਸ ਸਮੇਂ ਤਾਪਮਾਨ -21 ਡਿਗਰੀ ਹੈ। ਵਿਭਾਗ ਦਾ ਕਹਿਣਾ ਹੈ ਕਿ ਬਰਫ ਪੈਣ ਦੇ ਨਾਲ-ਨਾਲ ਠੰਡੀਆਂ ਹਵਾਵਾਂ ਵੀ ਚੱਲ ਸਕਦੀਆਂ ਹਨ। ਦੱਖਣੀ ਮੈਨੀਟੋਬਾ ‘ਚ ਤਾਪਮਾਨ ਹੋਰ ਹੇਠਾਂ ਜਾ ਸਕਦਾ ਹੈ। ਇੰਨੀ ਬਰਫ ਪੈਣ ਦੇ ਬਾਵਜੂਦ ਲੋਕ ਇਸ ਦਾ ਆਨੰਦ ਮਾਣ ਰਹੇ ਹਨ। ਮਨੀਟੋਬਾ ਦੇ ਸ਼ਹਿਰ ਵਿਨੀਪੈਗ ‘ਚ ਚਾਈਲਡ ਕੇਅਰ ਸੈਂਟਰ ਦੇ ਬਾਹਰ ਬੱਚੇ ਬਰਫ ‘ਚ ਖੇਡਦੇ ਨਜ਼ਰ ਆਏ।