ਵੈਨਕੂਵਰ, 18 ਅਗਸਤ

ਯੌਰਕ ਪੁਲੀਸ ਨੇ ਅੱਜ ਇੱਥੇ 31 ਮਹਿੰਗੀਆਂ ਕਾਰਾਂ ਅਤੇ 30 ਹਜ਼ਾਰ ਡਾਲਰ ਸਣੇ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਬਰੈਂਪਟਨ ਦੇ ਜਸਮਨ ਸਿੰਘ ਪੰਨੂ (21), ਰਿਚਮੰਡ ਹਿੱਲ ਦੇ ਰਹਿਣ ਵਾਲੇ ਕੁਲਵੀਰ ਸਿੰਘ ਸਿਵੀਆ (23) ਤੇ ਰਣਵੀਰ ਸਾਫੀ (24) ਖ਼ਿਲਾਫ਼ ਚੋਰੀ ਅਤੇ ਧੋਖਾਧੜੀ ਸਣੇ 80 ਦੋਸ਼ ਆਇਦ ਕੀਤੇ ਗਏ ਹਨ। ਮੁਲਜ਼ਮਾਂ ਕੋਲੋਂ 100 ਮਾਸਟਰ ਚਾਬੀਆਂ ਤੇ ਕਾਰਾਂ ਦੇ ਪ੍ਰੋਗਰਾਮ ਤੱਕ ਪਹੁੰਚ ਲਈ ਨਕਲੀ ਚਾਬੀਆਂ ਤਿਆਰ ਕਰਨ ਵਾਸਤੇ ਵਰਤੇ ਜਾਂਦੇ ਔਜ਼ਾਰ ਬਰਾਮਦ ਹੋਏ ਹਨ। ਪੁਲੀਸ ਬੁਲਾਰੇ ਅਨੁਸਾਰ ਕਾਰਾਂ ਦੀ ਬਾਜ਼ਾਰੀ ਕੀਮਤ 28 ਲੱਖ ਡਾਲਰ (17 ਕਰੋੜ ਰੁਪਏ) ਬਣਦੀ ਹੈ। ਪੁਲੀਸ ਬੁਲਾਰੇ ਅਨੁਸਾਰ ਪੁਲੀਸ ਮੁਲਜ਼ਮਾਂ ਦੀਆਂ ਗਤੀਵਿਧੀਆਂ ’ਤੇ ਦੋ ਮਹੀਨਿਆਂ ਤੋਂ ਨਜ਼ਰ ਰੱਖ ਰਹੀ ਸੀ। ਹਾਲਾਂਕਿ ਪੁਲੀਸ ਨੇ ਇਹ ਨਹੀਂ ਦੱਸਿਆ ਕਿ ਮੁਲਜ਼ਮ ਕਾਰਾਂ ਕਿੱਥੇ ਵੇਚਦੇ ਸਨ ਪਰ ਜਾਣਕਾਰੀ ਮਿਲੀ ਹੈ ਕਿ ਉਹ ਕੈਨੇਡਾ ਤੋਂ ਚੋਰੀ ਕੀਤੀਆਂ ਕਾਰਾਂ ਦੀ ਸਮੁੰਦਰੀ ਜਹਾਜ਼ ਰਾਹੀਂ ਮਿਡਲ ਈਸਟ ਦੇਸ਼ਾਂ ’ਚ ਤਸਕਰੀ ਕਰਦੇ ਸਨ।