ਵੈਨਕੂਵਰ, 14 ਸਤੰਬਰ
ਕੈਨੇਡੀਅਨ ਸੰਸਦ ਦੀਆਂ ਮੱਧਕਾਲੀ ਚੋਣਾਂ ਲਈ ਹਫ਼ਤੇ ਤੋਂ ਘੱਟ ਦਾ ਸਮਾਂ ਬਚਿਆ ਹੈ ਪਰ ਕਿਸੇ ਧਿਰ ਨੂੰ ਬਹੁਮੱਤ ਮਿਲਦਾ ਦਿਖਾਈ ਨਹੀਂ ਦੇ ਰਿਹਾ ਹੈ। ਹੁਣ ਤੱਕ ਦੇ ਸਰਵੇਖਣਾਂ ’ਚ ਟੋਰੀ ਪਾਰਟੀ ਮੂਹਰੇ ਚੱਲ ਰਹੀ ਹੈ ਪਰ ਉਸ ਦੀਆਂ ਸੀਟਾਂ ਦੀ ਗਿਣਤੀ ਲਿਬਰਲ ਪਾਰਟੀ ਤੋਂ ਘੱਟ ਦਰਸਾਈਆਂ ਜਾ ਰਹੀਆਂ ਹਨ। ਬੇਸ਼ੱਕ ਪਿਛਲੀ ਵਾਰ ਸਰਕਾਰ ਬਣਾਉਣ ਵੇਲੇ ਜਸਟਿਨ ਟਰੂਡੋ ਨੇ ਐੱਨਡੀਪੀ ਆਗੂ ਜਗਮੀਤ ਸਿੰਘ ਵਲੋਂ ਗੱਠਜੋੜ ਸਰਕਾਰ ਦੀ ਪੇਸ਼ਕਸ਼ ਰੱਦ ਕਰਕੇ ਘੱਟ ਗਿਣਤੀ ਸਰਕਾਰ ਬਣਾਉਣ ਨੂੰ ਤਜਰੀਹ ਦਿਤੀ ਸੀ ਪਰ ਸੰਕੇਤਾਂ ਮੁਤਾਬਕ ਇਸ ਵਾਰ ਐੱਨਡੀਪੀ ਆਪਣੀਆਂ ਸੀਟਾਂ ਡਿਊ ਢੀਆਂ ਕਰਕੇ ਸੱਤਾ ਦਾ ਤਵਾਜ਼ਨ ਆਪਣੇ ਹੱਥ ਵੀ ਲੈ ਸਕਦੀ ਹੈ। ਦੋ ਦਿਨ ਪਹਿਲਾਂ ਸ਼ੁਰੂ ਹੋਈ ਐਡਵਾਂਸ ਪੋਲਿੰਗ ਦੌਰਾਨ ਲੋਕਾਂ ਵਲੋਂ ਵਿਖਾਈ ਗਈ ਉਦਾਸੀਨਤਾ ਨੇ ਵੀ ਸਰਵੇਖਣਾਂ ਦੀਆਂ ਪੇਸ਼ੀਨਗੋਈਆਂ ’ਤੇ ਮੋਹਰ ਲਾਈ ਹੈ। ਇਸ ਤੋਂ ਪਹਿਲਾਂ ਸਾਰੀਆਂ ਪਾਰਟੀਆਂ ਦੇ ਆਗੂਆਂ ਦੀ ਹੋਈ ਜਨਤਕ ਬਹਿਸ (ਪੋਲ ਡਿਬੇਟ) ਦੌਰਾਨ ਕੋਈ ਵੀ ਆਗੂ ਵੋਟਰਾਂ ’ਤੇ ਆਪਣਾ ਪ੍ਰਭਾਵ ਕਾਇਮ ਕਰਨ ’ਚ ਕਾਮਯਾਬ ਨਹੀਂ ਹੋ ਸਕਿਆ। ਸਾਰੇ ਆਗੂ ਬਹਿਸ ਦੌਰਾਨ ਪੁਰਾਣੇ ਵਾਅਦਿਆਂ ਨੂੰ ਦੁਹਰਾਉਂਦੇ ਰਹੇ ਅਤੇ ਕਿਸੇ ਨਵੀਂ ਗੱਲ ਨਾਲ ਵੋਟਰਾਂ ਦੇ ਮਨ ਬਦਲਣ ਵਿਚ ਅਸਫ਼ਲ ਰਹੇ। ਪਿਛਲੀਆਂ ਚੋਣਾਂ ’ਚ ਬਹਿਸ ਦੌਰਾਨ ਸਮਰਥਕਾਂ ਅਤੇ ਵੋਟਰਾਂ ਵਿਚ ਜੋਸ਼ ਭਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਇਸ ਵਾਰ ਦੀ ਬਹਿਸ ਨੇ ਉਨ੍ਹਾਂ ਨੂੰ ਨਿਰਾਸ਼ ਕੀਤਾ। ਇਸ ਵਾਰ ਚਾਰ ਗੁਣਾ ਵੱਧ ਵੋਟਰਾਂ ਨੇ ਡਾਕ ਰਾਹੀਂ ਵੋਟਾਂ ਮੰਗਵਾਈਆਂ ਹਨ, ਜਿਨ੍ਹਾਂ ਵਿਚ ਜ਼ਿਆਦਾਤਰ ਬਜ਼ੁਰਗ ਵੋਟਰ ਸ਼ਾਮਲ ਹਨ। ਇਸ ਵਰਗ ’ਚੋਂ ਬਹੁਤਿਆਂ ਦੀ ਪਸੰਦ ਜਸਟਿਨ ਟਰੂਡੋ ਹਨ। ਨੌਜਵਾਨ ਇਸ ਵਾਰ ਵਿਰੋਧੀ ਧਿਰ ਨਾਲ ਖੜ੍ਹਦੇ ਨਜ਼ਰ ਆ ਰਹੇ ਹਨ। ਜੇ ਸਰਵੇਖਣਾਂ ਨੂੰ ਸਹੀ ਜਾਂ ਨੇੜੇ-ਤੇੜੇ ਮੰਨ ਲਿਆ ਜਾਵੇ ਤਾਂ ਟਰੂਡੋ ਨੂੰ ਕਰੋਨਾ ਕਾਲ ਵਿਚ ਸੰਸਦ ਭੰਗ ਕਰਨ ਦੀ ਗਲਤੀ ਦਾ ਪਛਤਾਵਾ ਰਹੇਗਾ। ਇਸ ਵੇਲੇ ਉਸ ਕੋਲ 155 ਸੀਟਾਂ ਹਨ, ਜਿਸ ’ਚੋਂ 15 ਕੁ ਘੱਟ ਸਕਦੀਆਂ ਹਨ ਅਤੇ ਐੱਨਡੀਪੀ ਦੀਆਂ ਸੀਟਾਂ ਦੀ ਗਿਣਤੀ ਵੱਧ ਸਕਦੀ ਹੈ। ਜੇ ਐੱਨਡੀਪੀ ਦੀਆਂ ਸੀਟਾਂ ਵਧੀਆਂ ਤਾਂ ਜਗਮੀਤ ਸਿੰਘ ਦੀ ਪਾਰਟੀ ’ਤੇ ਪਕੜ ਮਜ਼ਬੂਤ ਹੋ ਜਾਵੇਗੀ।